ਅੱਖਰਾਂ ਦੀ ਧੁੱਪੇ – ਅੱਖਰਾਂ ਦੀ ਛਾਵੇਂ
ਅੰਮ੍ਰਿਤਾ ਪ੍ਰੀਤਮ
ਸਾਹਮਣੇ ਇਕ ਭਰ ਵਹਿੰਦਾ ਦਰਿਆ ਸੀ ਪਰ ਇਕ ਭਉਜਲੀ ਵਿਚ ਪਿਆ ਹੋਇਆ। ਉਹਦੇ ਪਾਣੀਆਂ ਵਿਚੋਂ ਛੱਲਾਂ ਉਠਦੀਆਂ, ਤੇ ਸ਼ਾਂਤ ਨਿੱਸਲ ਸੁੱਤੇ ਕੰਢਿਆਂ ਨਾਲ ਇੰਜ ਵੱਜਦੀਆਂ, ਜਿਵੇਂ ਕੰਢਿਆਂ ਨੂੰ ਝੂਣ ਕੇ ਜਗਾ ਰਹੀਆਂ ਹੋਣ.. ਤੇ ਲਹਿਰਾਂ ਦੇ ਹੋਠਾਂ ਵਿਚ ਭਰੀ ਹੋਈ ਝੱਗ, ਜਿਵੇਂ ਕਾਹਲੀ ਕਾਹਲੀ ਕੰਢਿਆਂ ਨੂੰ ਕੁਝ ਕਹਿ ਰਹੀ ਹੋਵੇ…
ਫੇਰ ਖੌਰੇ ਲਹਿਰਾਂ ਦੀ ਗੱਲ ਕੰਢਿਆਂ ਨੇ ਸਮਝ ਲਈ – ਕਿ ਲਹਿਰਾਂ ਨੇ ਜਦੋਂ ਇਕ ਵੱਡੇ ਸਾਰੇ ਉਛਾਲੇ ਨਾਲ ਇਕ ਭਾਰੀ ਜਿਹੀ ਚੀਜ਼ ਇਕ ਕੰਢੇ ਵੱਲ ਕੀਤੀ, ਤਾਂ ਦਰਿਆ ਦੇ ਉਸ ਕੰਢੇ ਨੇ ਉਹ ਚੀਜ਼ ਆਪਣੀਆਂ ਬਾਹਵਾਂ ਵਿਚ ਝੋਪ ਲਈ…
ਵੇਖਿਆ – ਉਹ ਕਿਸੇ ਬੰਦੇ ਦਾ ਗੁੱਛਾ ਹੋਇਆ ਸਰੀਰ ਸੀ, ਜਿਹਨੂੰ ਉਸ ਕੰਢੇ ਨੇ ਅਡੋਲ ਆਪਣੀ ਛਾਤੀ ਉੱਤੇ ਰੱਖ ਲਿਆ, ਤੇ ਫੇਰ ਚੜ੍ਹਦੇ ਸੂਰਜ ਦੀ ਲੋਅ, ਉਹਦੇ ਗੁੱਛਾ ਹੋਏ ਅੰਗਾਂ ਨੂੰ ਆਪਣੀਆਂ ਤਲੀਆਂ ਨਾਲ ਖੋਲ੍ਹਣ ਤੇ ਮਲਣ ਲੱਗ ਪਈ…
ਤ੍ਰਭਕ ਕੇ ਮੇਰੀ ਨੀਂਦਰ ਖੁੱਲ੍ਹ ਗਈ, ਪਰ ਇਕ ਅਚੰਭਾ ਮੇਰੇ ਦੁਆਲੇ ਵਲ੍ਹੇਟਿਆ ਹੋਇਆ ਸੀ ਕਿ ਹੁਣੇ ਮੈਂ ਜਿਸ ਸੁਪਨੇ ਦੀ ਦਰਸ਼ਕ ਸਾਂ – ਇਹ ਸੁਪਨਾ ਕੀ ਸੀ…
ਤੇ ਫੇਰ ਇਕ ਇਤਿਹਾਸਕ ਘਟਨਾ, ਮੇਰੇ ਅਚੇਤ ਮਨ ਵਿਚੋਂ ਹੌਲੀ ਹੌਲੀ ਸਰਕਦੀ ਮੇਰੇ ਚੇਤਨ ਮਨ ਵਿਚ ਔਣ ਲੱਗੀ –
ਚੇਤਨ ਮਨ ਨੇ ਆਖਿਆ – ਇਹ ਮਹਾਭਾਰਤ ਦੀ ਵਾਰਤਾ ਹੈ ਕਿ ਵਸ਼ਿਸਠ ਰਿਖੀ ਦੇ ਜਦੋਂ ਪੁੱਤਰ ਮਰ ਗਏ, ਤਾਂ ਉਹਨੇ ਜ਼ਿੰਦਗੀ ਨੂੰ ਅਰਥ ਹੀਣ ਜਾਣ ਕੇ ਇਕ ਦਰਿਆ ਵਿਚ ਡੁੱਬ ਜਾਣਾ ਚਾਹਿਆ ਸੀ। ਹੱਥਾਂ ਪੈਰਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਹਨੇ ਰਾਤ ਦੇ ਹਨੇਰੇ ਵਿਚ ਆਪਣੇ ਆਪ ਨੂੰ ਦਰਿਆ ਦੇ ਹਵਾਲੇ ਕਰ ਦਿੱਤਾ ਸੀ…
ਪਰ ਦਰਿਆ ਦਾ ਪਾਣੀ ਘਬਰਾ ਗਿਆ ਸੀ ਕਿ ਜੇ ਅੱਜ ਉਹਦੇ ਵਿਚ ਵਸ਼ਿਸਠ ਰਿਖੀ ਡੁੱਬ ਗਏ ਤਾਂ ਉਹਨੂੰ ਬ੍ਰਹਮ ਹੱਤਿਆ ਦਾ ਦੋਸ਼ ਲਗ ਜਾਏਗਾ.. ਤੇ ਉਸ ਪਾਣੀ ਨੇ ਆਪਣੀਆਂ ਛੱਲਾਂ ਨਾਲ ਪਹਿਲਾਂ ਰਿਖੀ ਦੇ ਹੱਥਾਂ ਪੈਰਾਂ ਤੋਂ ਰੱਸੀਆਂ ਖੋਲ੍ਹੀਆਂ, ਫੇਰ ਪੂਰਾ ਤਾਣ ਲਾ ਕੇ ਰਿਖੀ ਨੂੰ ਬਾਹਵਾਂ ਵਿਚ ਚੁੱਕਿਆ, ਤੇ ਸਹੀ ਸਲਾਮਤ ਕੰਢੇ ਉੱਤੇ ਰੱਖ ਦਿੱਤਾ…
ਮੈਂ ਅੱਜ ਵੀ ਇਕ ਅਚੰਭੇ ਵਿਚ ਵਲੀ ਹੋਈ ਸਾਂ ਕਿ ਸਦੀਆਂ ਪਹਿਲਾਂ ਜੋ ਘਟਨਾ ਮਹਾਭਾਰਤ ਦੀ ਇਕ ਵਾਰਤਾ ਵਿਚ ਸਮਾਈ ਹੋਈ ਸੀ, ਉਹ ਅੱਜ ਆਪਣੇ ਅੱਖਰਾਂ ਵਿਚੋਂ ਨਿਕਲ ਕੇ ਮੇਰੇ ਸਾਹਮਣੇ ਮੂਰਤੀਮਾਨ ਕਿਵੇਂ ਹੋ ਗਈ?
“ਕਿਵੇਂ” ਦਾ ਪਤਾ ਨਹੀਂ ਪਰ “ਕਿਉਂ” ਦਾ ਉੱਤਰ ਮੈਨੂੰ ਲੱਭਣ ਲੱਗਾ ਕਿ ਇਹ ਮੇਰੀਆਂ ਰਗਾਂ ਵਿਚ ਸਮਾਇਆ ਹੋਇਆ ਇਕ ਦਰਦ ਹੈ ਕਿ ਜਿਸ ਪੰਜਾਬ ਦੀ ਧਰਤੀ, ਰਿਖੀਆਂ ਤੇ ਆਲਮਾਂ ਨੇ ਆਪਣੇ ਚਿੰਤਨ ਨਾਲ ਸਿੰਜੀ ਸੀ, ਉਸ ਪੰਜਾਬ ਦੀ ਮਿੱਟੀ ਅੱਜ ਆਪਣੇ ਹੀ ਲੋਕਾਂ ਦੇ ਹੱਥ ਆਪਣੇ ਹੀ ਲੋਕਾਂ ਦੇ ਲਹੂ ਵਿਚ ਕਿਉਂ ਭਿਜ ਰਹੀ ਹੈ…
ਤੇ ਇਤਿਹਾਸ ਦੇ ਕਈ ਹਵਾਲੇ ਮੇਰੇ ਚੇਤੇ ਵਿਚ ਆਣ ਖਲੋਤੇ –
ਪੱਛਮ ਵੱਲ ਦੀ ਸਿੰਧ ਨਦੀ ਤੋਂ ਲੈ ਕੇ ਪੂਰਬ ਵੱਲ ਦੀ ਸਰਸਵਤੀ ਨਦੀ ਤਕ ਦਾ ਖੇਤਰ ਸਪਤ-ਸਿੰਧੁ ਅਖਵਾਂਦਾ ਸੀ…
ਵਿਚਕਾਰ ਪੰਜ ਦਰਿਆ ਪੈਂਦੇ ਸਨ – ਉਹੀ ਅੱਜ ਦਾ ਜੇਹਲਮ, ਵਿਤਸਤਾ ਅਖਵਾਂਦਾ ਸੀ। ਅੱਜ ਦਾ ਚਨਾਬ – ਅੱਜ ਦੀ ਝਨਾਂ, ਅਸਕਿਨ ਤੇ ਚੰਦਰ ਭਾਗਾ ਸੀ। ਅੱਜ ਦਾ ਰਾਵੀ ਦਰਿਆ, ਪਰੁਸ਼ਣੀ ਤੇ ਇਰਾਵਤੀ ਅਖਵਾਂਦਾ ਸੀ। ਅੱਜ ਦਾ ਸਤਲੁਜ, ਸ਼ਤਦਰੂ ਤੇ ਅੱਜ ਦਾ ਬਿਆਸ, ਵਿਪਾਸ਼ਾ ਅਖਵਾਂਦਾ ਸੀ…
ਵਸ਼ਿਸਠ ਰਿਖੀ ਨੂੰ ਪਾਸ਼ ਮੁਕਤ ਕਰਨ ਕਰਕੇ ਜਿਸ ਦਰਿਆ ਦਾ ਨਾ ਵਿਪਾਸ਼ਾ ਹੋਇਆ ਸੀ, ਸਣੇ ਉਸ ਦਰਿਆ ਦੇ, ਉਸ ਧਰਤੀ ਦਾ ਨਾਂ ਪੰਚਨਦ ਹੋਇਆ ਸੀ। ਪੰਜ ਆਬ। ਅੱਜ ਦੇ ਪੰਜਾਬ ਦਾ ਇਹ ਨਦੀ-ਮੂਲਕ ਨਾਂ ਸੀ…
ਇਹਨਾਂ ਨਦੀਆਂ-ਦਰਿਆਵਾਂ ਦੇ ਕੰਢੇ ਤੇ ਇਹਨਾਂ ਨੇੜੇ ਦੇ ਵਣਾਂ ਵਿਚ ਉਹ ਸਾਰੇ ਰਿਖੀ ਹੋਏ, ਜਿਨ੍ਹਾਂ ਦੀ ਰਚਨਾ ਦੁਨੀਆ ਦੀ ਪਹਿਲੀ ਪੁਸਤਕ ਅਖਵਾਈ – ਰਿਗ ਵੇਦ।
ਜਿਸ ਵਸ਼ਿਸਠ ਰਿਖੀ ਨੇ ਰਿਗ ਵੇਦ ਦੇ ਕਈ ਸੂਤਕ ਲਿਖੇ, ਉਹ ਉਸ ਰਾਜਾ ਸੌਦਾਸ ਦੇ ਪਰੋਹਿਤ ਸਨ, ਜਿਹਦਾ ਰਾਜ ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਵਿਚ ਸੀ।
ਕਾਮਧੇਨ, ਜੋ ਮੁਰਾਦਾਂ ਪੂਰਨ ਵਾਲੀ ਗਊ ਹੁੰਦੀ ਸੀ, ਉਹ ਵਸ਼ਿਸਠ ਰਿਖੀ ਦੇ ਆਸ਼ਰਮ ਵਿਚ ਸੀ…
ਵਿਸ਼ਵਾ ਮਿੱਤਰ ਵੀ ਰਾਜਾ ਸੌਦਾਸ ਦੇ ਪਰੋਹਿਤ ਸਨ, ਤੇ ਇਹੀ ਵਿਸ਼ਵਾ ਮਿੱਤਰ ਸਨ ਜਿਨ੍ਹਾਂ ਨੇ ਗਾਇਤ੍ਰੀ-ਮੰਤ੍ਰ ਦੀ ਰਚਨਾ ਕੀਤੀ ਸੀ।
ਅਗਸਤ ਰਿਖੀ ਵਿਸ਼ਵਾ ਮਿੱਤਰ ਦੇ ਹੀ ਜੌੜੇ ਭਰਾ ਸਨ। ਮ੍ਰਿਤਾਵਰੁਣ ਤੇ ਉਰਵਸ਼ੀ ਦੀ ਔਲਾਦ। ਇਹਨਾਂ ਵੇਦ ਦੇ ਅਨੇਕ ਸੂਤਕ ਲਿਖੇ, ਤੇ ਬ੍ਰਹਮ-ਪੁਰਾਣ ਦੀ ਰਚਨਾ ਕੀਤੀ।
ਰਿਗ ਵੇਦ ਦੀ ਰਚਨਾ ਵਿਚ ਜਿਨ੍ਹਾਂ ਸਤਾਈ ਬ੍ਰਹਮ ਵਾਦਨੀਆਂ ਦੇ ਲਿਖੇ ਹੋਏ ਕਈ ਸੂਤਕ ਹਨ, ਉਹਨਾਂ ਵਿਚੋਂ ਇਕ ਸੁੰਦਰੀ ਲੋਪਾ ਮੁਦ੍ਰਾ ਇਸੇ ਅਗਸਤ ਰਿਖੀ ਦੀ ਪਤਨੀ ਸੀ।
ਰਿਗ ਵੇਦ ਦੇ ਇਕ ਰਿਖੀ ਸ਼ਿਵੀ, ਉਸ ਇਲਾਕੇ ਦੇ ਵਸਨੀਕ ਸਨ, ਜਿਸ ਇਲਾਕੇ ਨੂੰ ਅੱਜ ਝੰਗ ਤੇ ਸ਼ੋਰਕੋਟ ਦਾ ਇਲਾਕਾ ਕਿਹਾ ਜਾਂਦਾ ਹੈ…
ਕਠੋਪਨਿਸ਼ਦ ਦਾ ਨਾਂ ਜਿਨ੍ਹਾਂ ਕਠ ਲੋਕਾਂ ਦੇ ਨਾਂ ਤੇ ਪਿਆ ਸੀ, ਉਹ ਕਠ ਲੋਕ ਬਿਆਸ ਤੇ ਰਾਵੀ ਦਰਿਆ ਦੇ ਵਿਚਕਾਰਲੇ ਇਲਾਕੇ ਵਿਚ ਵਸਦੇ ਸਨ…
ਇਕ ਸੂਰਜ ਮੰਦਰ, ਜਿਹਨੂੰ ਭਾਰਤ ਦੇਸ ਦਾ ਪਹਿਲਾ ਸੂਰਜ ਮੰਦਰ ਮੰਨਿਆ ਜਾਂਦਾ ਹੈ, ਉਹ ਸ਼ਾਮਭ ਨੇ ਪੰਜਾਬ ਦੀ ਚੰਦ੍ਰਭਾਗਾ ਨਦੀ ਦੇ ਕੰਢੇ ਉੱਤੇ ਬਣਵਾਇਆ ਸੀ…
ਕੁਸ਼ੱਲਿਆ, ਜਿਹਨੇ ਰਾਮ ਜਿਹਾ ਪੁੱਤਰ ਜੰਮਿਆ, ਗੁਰਾਮ ਨਗਰ ਵਿਚ ਪੈਦਾ ਹੋਈ ਸੀ। ਪਟਿਆਲੇ ਤੋਂ ਥੋੜ੍ਹੇ ਜਿਹੇ ਕੋਹਾਂ ਤੇ।
ਸੁਮਿਤ੍ਰਾ, ਜਿਹਨੇ ਲਕਸ਼ਮਨ ਜਿਹੇ ਪੁੱਤਰ ਨੂੰ ਜਨਮ ਦਿੱਤਾ ਸੀ, ਦਸੂਹਾ ਪਿੰਡ ਦੀ ਸੀ, ਜੋ ਹੋਸ਼ਿਆਰਪੁਰ ਦੇ ਲਾਗੇ ਹੈ।
ਤਕਸ਼ਸ਼ਿਲਾ ਉਹ ਇਲਮੀ ਖੇਤਰ ਸੀ, ਜਿੱਥੇ ਹਰ ਤਰ੍ਹਾਂ ਦੇ ਸ਼ਾਸਤਰ ਦਾ ਇਲਮ ਦਿੱਤਾ ਜਾਂਦਾ ਸੀ। ਉਹ ਸਿੰਧ ਨਦੀ ਦੇ ਪੂਰਬ ਵੱਲ ਸੀ..
ਪਾਇਣੀ ਦਾ ਵਿਆਕਰਣ-ਸ਼ਾਸਤਰ ਉਹ ਰਚਨਾ ਸੀ, ਜਿਹਨੂੰ ਦੁਨੀਆਂ ਦੇ ਭਾਸ਼ਾ ਵਿਗਿਆਨੀ ਸਲਾਮ ਕਰਦੇ ਸਨ। ਪਾਇਣੀ ਦਾ ਜਨਮ ਤਕਸ਼ਸ਼ਿਲਾ ਦੇ ਲਾਗੇ ਸ਼ਾਲਾਤੁਰ ਪਿੰਡ ਵਿਚ ਹੋਇਆ ਸੀ…
ਪਿੰਗਲ ਮੁਨੀ ਦੇ ਨਾਂ ਤੋ ਛੰਦ-ਸ਼ਾਸਤਰ ਨੂੰ ਪਿੰਗਲ-ਸ਼ਾਸਤਰ ਆਖਿਆ ਜਾਣ ਲੱਗਾ। ਇਹ ਪਿੰਗਲ ਮੁਨੀ ਪਾਇਣੀ ਦੇ ਹੀ ਛੋਟੇ ਭਰਾ ਸਨ, ਤੇ ਉਸੇ ਸ਼ਾਲਾਤੁਰ ਪਿੰਡ ਵਿਚ ਪੈਦਾ ਹੋਏ ਸਨ…
ਪਤੰਜਲੀ ਮੁਨੀ ਉਸ “ਮਹਾਂ ਭਾਸ਼ਯ” ਗ੍ਰੰਥ ਦੇ ਲੇਖਕ ਸਨ, ਜਿਹਦੇ ਵਿਚ ਪਹਿਲੀ ਵਾਰ ਦਾਰਸ਼ਨਿਕ ਤੱਤਾਂ ਦੀ ਵਿਆਖਿਆ ਹੋਈ ਸੀ। ਉਹਨਾਂ ਦਾ ਸਬੰਧ ਵਾਹੀਦ ਜਨਪਦ ਨਾਲ ਸੀ, ਜੋ ਪ੍ਰਾਚੀਨ ਸਮੇਂ ਪੰਜਾਬ ਦਾ ਹੀ ਵੰਸ਼-ਮੂਲਕ ਨਾਂ ਹੁੰਦਾ ਸੀ..
ਅੱਜ ਦਾ ਪੇਸ਼ਾਵਰ ਜਦੋਂ ਪੁਰਸ਼ਪੁਰ ਹੁੰਦਾ ਸੀ, ਰਾਜਾ ਕਨਿਸ਼ਕ ਵੇਲੇ ਉਹ ਬਹੁਤ ਵੱਡਾ ਕਲਾ-ਕੇਂਦਰ ਹੁੰਦਾ ਸੀ। ਵਸੂ ਮਿੱਤਰ ਜਿਹਾ ਬੌਧ ਦਾਰਸ਼ਨਿਕ, ਨਾਗ ਅਰਜਨ, ਤੇ ਮਾਤਰੀ ਚੇਟ ਜਿਹੇ ਮਹਾਨ ਚਿੰਤਕ ਪੁਰਸ਼ਪੁਰ ਵਿਚ ਰਹਿੰਦੇ ਸਨ..
ਚਰਕ ਮੁਨੀ ਆਯੁਰਵੇਦ ਦੀ ਸਭ ਤੋਂ ਪ੍ਰਾਚੀਨ ਪੁਸਤਕ ਚਰਕ-ਸਹਿੰਤਾ ਦੇ ਲੇਖਕ ਸਨ। ਇਹ ਵੀ ਪੁਰਸ਼ਪੁਰ ਵਿਚ ਹੋਏ ਸਨ।
ਬਾਣ ਭਟ, ਕਾਦੰਬਰੀ ਤੇ ਹਰਸ਼ ਚਰਿਤ ਜਿਹੇ ਗ੍ਰੰਥਾਂ ਦੇ ਲੇਖਕ ਸਨ, ਤੇ ਸਥਾਣੇਸ਼ਵਰ ਵਿਚ ਰਹਿੰਦੇ ਸਨ, ਜੋ ਅੱਜ ਥਾਨੇਸਰ ਹੈ।
ਮਹਾਭਾਰਤ ਦੇ ਲੇਖਕ ਕ੍ਰਿਸ਼ਨ ਦਵੈਪਾਇਨ ਜੋ ਵਿਆਸਾ ਦੇ ਨਾਂ ਨਾਲ ਪ੍ਰਸਿਧ ਹੋਏ, ਉਹ ਬਸਾਨਾ ਜ਼ਿਲਾ ਕਰਨਾਲ ਦੇ ਸਨ..
ਚਾਣਕਯ ਦਾ ਨਾਂ ਅੱਜ ਤਕ ਚਾਣਕਯ ਨੀਤੀ ਲਈ ਇਤਿਹਾਸ ਪ੍ਰਸਿੱਧ ਹੈ। ਇਹ ਚਾਣਕਯ ਵਿਸ਼ਨੂ ਗੁਪਤਾ ਦੇ ਨਾਂ ਨਾਲ ਤਕਸ਼ਸ਼ਿਲਾ ਵਿਚ ਪੈਦਾ ਹੋਏ ਸਨ…
ਕਪਾਲਮੋਚਨੀ ਵਿੱਦਿਆ – ਭਾਰਤ ਦੀ ਪਹਿਲੀ ਸਰਜੀਕਲ ਵਿਦਿਆ ਸੀ, ਜਿਹਦੇ ਮਾਹਿਰ ਜੀਵਨ ਕੁਮਾਰ ਸਨ। ਉਹਨਾਂ ਦਾ ਜਨਮ ਰਾਜਗੜ੍ਹ ਵਿਚ ਹੋਇਆ ਸੀ…
ਜਿਸ ਭਰਤਮੁਨੀ ਦਾ ਨਾਟ-ਸ਼ਾਸਤਰ ਅੱਜ ਵੀ ਇਤਿਹਾਸ-ਪ੍ਰਸਿੱਧ ਹੈ, ਉਸ ਭਰਤਮੁਨੀ ਦਾ ਸਬੰਧ ਉਸ ਭਰਤ-ਜਨਪਦ ਨਾਲ ਸੀ, ਜੋ ਅੱਜ ਥਾਨੇਸਰ, ਕੈਥਲ, ਕਰਨਾਲ ਤੇ ਪਾਣੀਪਤ ਦਾ ਇਲਾਕਾ ਹੈ…
ਬ੍ਰਹਮਗੁਪਤ, ਗਣਿਤ-ਸ਼ਾਸਤਰ ਦੇ ਗਿਆਤਾ ਸਨ। ਉਹਨਾਂ ਦਾ ਜਨਮ ਮੁਲਤਾਨ ਦੇ ਨੇੜੇ ਭਿਲਮਲ ਨਾਂ ਦੇ ਪਿੰਡ ਵਿਚ ਹੋਇਆ ਸੀ…
ਤੇ ਮੇਰਾ ਮੱਥਾ ਤੜਪ ਗਿਆ ਕਿ ਇਹੋ ਪੰਜਾਬ ਦੀ ਮਿੱਟੀ ਸੀ, ਜਿਥੇ ਰਿਗ-ਵਾਣੀ, ਕ੍ਰਿਸ਼ਨ-ਵਾਣੀ, ਗੋਰਖ-ਵਾਣੀ ਤੇ ਨਾਨਕ-ਵਾਣੀ ਦੇ ਅੱਖਰ ਸੂਰਜ ਵਾਂਗ ਚਡ਼੍ਹੇ ਸਨ, ਤੇ ਰੁੱਖਾਂ ਵਾਂਗ ਉੱਗੇ ਸਨ… ਤੇ ਲੋਕ ਉਹਨਾਂ ਅੱਖਰਾਂ ਦੀ ਧੁੱਪ ਵੀ ਸੇਕਦੇ ਸਨ ਤੇ ਉਹਨਾਂ ਅੱਖਰਾਂ ਦੀ ਛਾਵੇਂ ਵੀ ਬਹਿੰਦੇ ਸਨ.. ਪਰ ਇਹਨਾਂ ਅੱਖਰਾਂ ਦੀਆਂ ਧੁੱਪਾਂ ਤੇ ਇਹਨਾਂ ਅੱਖਰਾਂ ਦੀਆਂ ਛਾਵਾਂ ਅੱਜ ਕਿੱਥੇ ਚਲੀਆਂ ਗਈਆਂ ?
ਤੇ ਪੰਜਾਬ ਵਿਚ ਜੋ ਸੂਫ਼ੀ-ਪੌਣਾਂ ਵਗਦੀਆਂ ਸਨ, ਅੱਜ ਉਹ ਲੋਕਾਂ ਦੇ ਸਾਹਵਾਂ ਵਿਚ ਨਫ਼ਰਤ ਕਿਵੇਂ ਘੋਲ ਰਹੀਆਂ ਹਨ ?
ਤੇ ਮੇਰਾ ਅੱਜ ਦਾ ਸੁਪਨਾ ? ਅੱਜ ਦੇ ਲਹੂ ਰੰਗੇ ਪਾਣੀਆਂ ਨੇ, ਮੈਨੂੰ ਆਪਣਾ ਦੀਦਾਰ ਕਿਉਂ ਦਿੱਤਾ ਹੈ, ਜਦੋਂ ਉਹ ਪਾਣੀ ਬ੍ਰਹਮ ਹੱਤਿਆ ਤੋਂ ਮੁਕਤ ਹੁੰਦੇ ਸਨ ?
ਤੇ ਜੋ ਸੁਪਨਾ ਮੈਂ ਸੁੱਤੀਆਂ ਅੱਖਾਂ ਨਾਲ ਵੇਖਿਆ ਸੀ, ਉਹ ਮੇਰੀਆਂ ਜਾਗਦੀਆਂ ਅੱਖਾਂ ਵਿਚ ਪਾਣੀ ਬਣ ਕੇ ਭਰ ਗਿਆ…
ਤੇ ਮੈਂ ਨੀਮ-ਸੁਰਤ ਜਿਹੀ ਹਾਲਤ ਵਿਚ ਅੱਜ ਦੇ ਚੜ੍ਹਦੇ ਸੂਰਜ ਵੱਲ ਵੇਖਣ ਲੱਗ ਪਈ, ਜਿਵੇਂ ਉਹਨੂੰ ਪੁੱਛ ਰਹੀ ਹੋਵਾਂ ਕਿ ਕਿਸੇ ਸਮੇਂ ਤੋਰੀ ਲੋਅ ਕਿਹੋ ਜਿਹੀ ਹੁੰਦੀ ਸੀ, ਜਿਹਨੇ ਵਸ਼ਿਸਠ ਦੇ ਬੇਸੁਰਤ ਅੰਗਾਂ ਨੂੰ
ਆਪਣੀਆਂ ਤਲੀਆਂ ਨਾਲ ਮਲ ਮਲ ਕੇ ਸੁਰਤ ਵਿਚ ਲੈ ਆਂਦਾ ਸੀ…
ਸੂਰਜ ਜਵਾਬ ਨਹੀਂ ਦੇਂਦਾ। ਤੇ ਮੇਰੀ ਗੁਆਚੀ ਜਾਂਦੀ ਸੁਰਤ ਨੂੰ ਜਾਪਦਾ ਹੈ ਕਿ ਮੇਰੇ ਅੱਖਰਾਂ ਕੋਲੋਂ ਉਹਨਾਂ ਦੀ ਧੁੱਪ ਵੀ ਗੁਆਚ ਗਈ ਹੈ, ਉਹਨਾਂ ਦੀ ਛਾਂ ਵੀ…
(ਚੋਣਵੇਂ ਪੱਤਰੇ)