ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਜੁੱਤੀ
ਬਾਵਾ ਬਲਵੰਤ

ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ।

ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ ਇਹ ਖ਼ਬਰ ਬੜੇ ਜ਼ੋਰ ਨਾਲ ਛਪੀ ਕਿ ਹਿੰਦੁਸਤਾਨ ਦੇ ਸ਼ਹਿਨਸ਼ਾਹ ਨੂੰ ਮੁਲਕ ਮੁਲਕ ਦੀਆਂ ਟਿਕਟਾਂ ਇਕੱਠੀਆਂ ਕਰਨ ਦਾ ਬੜਾ ਸ਼ੌਕ ਸੀ। ਉਹਨਾਂ ਦੀ ਐਲਬਮ ਵਿਚ ਹਰ ਮੁਲਕ ਦੀ ਲੱਗੀ ਟਿਕਟ ਇਸ ਗੱਲ ਦਾ ਪੱਕਾ ਸਬੂਤ ਹੈ। ਖੈਰ, ਬਾਦਸ਼ਾਹਾਂ ਨੂੰ ਹੋਰ ਕੰਮ ਵੀ ਕੀ ਹੋਇਆ ? ਕੋਈ ਨਾ ਕੋਈ ਸ਼ੌਕ ਹੀ ਸਹੀ, ਨਾਲੇ ਸ਼ੁਰੂ ਤੋਂ ਹੀ ਇਹ ਚੀਜ਼ ਰਹੀ ਹੈ। ਕਿਸੇ ਬਾਦਸ਼ਾਹ ਨੂੰ ਬਟੇਰੇ ਲੜਾਉਣ ਦਾ ਸ਼ੌਕ ਤੇ ਕਿਸੇ ਨੂੰ ਭੇਡੂ, ਪਰ ਆਦਮੀ ਲੜਾਉਣ ਦਾ ਸ਼ੌਕ ਸਭ ਵਿਚ ਸਾਂਝਾ ਰਿਹਾ ਹੈ। ਸਿੱਕੇ ਤੇ ਔਰਤਾਂ ਆਦਿ ਇਕੱਤਰ ਕਰਨ ਦਾ ਚਾਅ ਵੀ ਮਾੜਾ ਨਹੀਂ ਸੀ। ਪਰ ਜਾਰਜ ਪੰਚਮ ਦਾ ਸ਼ੌਕ ਕਈ ਹੋਰ ਲੋਕਾਂ ਨੂੰ ਵੀ ਬਹੁਤ ਪਸੰਦ ਆਇਆ ਤੇ ਇਸ ਚੀਜ਼ ਦਾ ਅਸਰ ਸੋਨੇ ਦੀ ਚਿੜੀ ਤੇ ਦੇਵਤਿਆਂ ਦੇ ਦੇਸ ਤੇ ਸਭ ਤੋਂ ਵੱਧ ਹੋਇਆ। ਕਿਉਂ ਨਾ ਹੁੰਦਾ ? ਦਾਸ ਹਮੇਸ਼ਾ ਆਪਣੇ ਮਾਲਕਾਂ ਦੀ ਨਕਲ ਕਰ ਕੇ ਖੁਸ਼ ਹੁੰਦੇ ਹਨ।
ਟਿਕਟਾਂ ਦੇ ਸ਼ੌਕ ਦੀ ਤਾਂ ਸਾਨੂੰ ਖ਼ੁਸ਼ੀ ਹੈ ਹੀ ਪਰ ਇਹ ਜਾਣ ਕੇ ਆਪ ਨੂੰ ਵਧੇਰੇ ਖੁਸ਼ੀ ਹੋਵੇਗੀ ਕਿ ਜਰਮਨੀ ਦੇ “ਕੈਸਰ” ਨੂੰ ਜੁੱਤੀਆਂ ਦਾ ਕੱਠੀਆਂ ਕਰਨ ਦਾ ਬੜਾ ਸ਼ੌਕ ਸੀ। ਉਸ ਦੇ “ਨਗਾਰਖਾਨੇ” ਵਿੱਚ ਛੇ ਸੌ ਸਾਲ ਦੀ ਪੁਰਾਣੀ ਜੁੱਤੀ ਵੀ ਸੀ। ਇਹ ਵੀ ਅਜੀਬ ਸ਼ੌਕ ਹੋਇਆ। ਸ਼ਾਇਦ ਇਹ ਸ਼ੌਕ ਉਹਨਾਂ ਨੂੰ 1914-15 ਦੀ ਜੰਗ ਤੋਂ ਬਾਅਦ ਲੱਗਾ ਹੋਵੇ, ਜਦ ਕਿ ਇਤਹਾਦੀਆਂ ਨੇ ਜਰਮਨੀ ਤੇ ਜੁੱਤੀਆਂ ਦੀ ਬਾਰਸ਼ ਕੀਤੀ।

ਮੈਂ ਇਕ ਸ਼ਾਦੀ ਤੇ ਜਾਣ ਵਾਸਤੇ ਕੁਝ ਕੱਪੜੇ ਬਣਵਾਏ ਤੇ ਇਕ ਕਾਨਪੁਰੀ ਬੂਟ ਵੀ ਖਰੀਦਿਆ। ਇਹ ਬੂਟ ਮੈਨੂੰ ਬਹੁਤ ਪਸੰਦ ਆਇਆ। ਖਿਆਲ ਕੀਤਾ ਕਿ ਸ਼ਾਦੀ ਵਾਲੇ ਦਿਨ ਹੀ ਨਵੇਂ ਕੱਪੜੇ ਤੇ ਬੂਟ ਪਾਏ ਜਾਣ। ਸਾਡੇ ਦੇਸ ਦਾ ਇਹ ਵੀ ਸੋਹਣਾ ਰਿਵਾਜ ਹੈ ਕਿ ਨਵੇਂ ਕੱਪੜੇ ਤੇ ਬੂਟ ਮੇਲੇ-ਮੁਸਾਹਬੇ ਜਾਂ ਸ਼ਾਦੀ ਵਗੈਰਾ ਦੇ ਮੌਕੇ ਤੇ ਪਹਿਨੇ ਜਾਂਦੇ ਹਨ। ਸੋਚ ਰਿਹਾ ਸਾਂ ਕਿ ਸ਼ਾਦੀ ਤੱਕ ਕੋਈ ਚੱਪਲ ਹੀ ਖਰੀਦ ਲਵਾਂ ਤੇ ਬਾਅਦ ਵਿਚ ਇਹ ਬੂਟ ਦੀ ਉਮਰ ਵਧਾਉਣ ਦੇ ਕੰਮ ਆਏਗੀ।

ਮੈਂ ਚੱਪਲ ਖਰੀਦਣ ਜਾ ਰਿਹਾ ਸਾਂ। ਰਸਤੇ ਵਿਚ ਹੀ “ਕੈਸਰ” ਦਾ ਸ਼ੌਕ ਯਾਦ ਆਇਆ ਤੇ ਨਾਲ ਹੀ ਖਿਆਲ ਫੁਰਿਆ ਕਿ ਚੱਪਲ ਦੀ ਥਾਂ ਕੋਈ ਜੁੱਤੀ ਖਰੀਦ ਲਈ ਜਾਏ। ਜ਼ਰੂਰੀ ਹੈ ਕਿ ਚੱਪਲ ਕੋਲੋਂ ਜੁੱਤੀ ਪੱਕੀ ਹੋਵੇਗੀ। ਫੇਰ “ਬੂਟ ਦੀ ਉਮਰ” ਨੇ ਇਸ ਖਿਆਲ ਨੂੰ ਹੋਰ ਵੀ ਪੁਖ਼ਤਾ ਕਰ ਦਿੱਤਾ। ਫਿਰ-ਤੁਰ ਕੇ ਇਕ ਜੁੱਤੀ ਖਰੀਦੀ ਗਈ, ਪੈਰੀਂ ਪਾ ਕੇ ਦੇਖ ਲਈ ਗਈ, ਕਾਗਜ ਚ ਬੱਧੀ ਹੋਈ ਖੋਲ੍ਹ ਕੇ ਫੇਰ ਵੇਖ ਲਈ ਕਿ ਇਹ ਠੀਕ ਜੁੱਤੀ ਹੀ ਹੈ। ਸ਼ਾਦੀ ਦੇ ਦਿਨ ਤੱਕ ਤਾਂ ਘੱਟ ਤੋਂ ਘੱਟ ਏਸੇ ਦੀ ਸਵਾਰੀ ਕੀਤੀ ਜਾਏਗੀ। ਸਾਰਾ ਦਿਨ ਜੁੱਤੀ ਪਾਈ ਫਿਰਦਾ ਰਿਹਾ। ਉਹ ਪੈਰਾਂ ਨੂੰ ਘੁਟਦੀ ਰਹੀ ਪਰ ਖਿਆਲ ਆਇਆ, ਕੋਈ ਗੱਲ ਨਹੀਂ, ਊਠ ਅੜਾਉਂਦਿਆਂ ਹੀ ਲੱਦੀ ਦੇ ਹਨ। ਆਪੇ ਸ਼ਾਮ ਤੱਕ ਠੀਕ ਹੋ ਜਾਏਗੀ।

ਰਾਤ ਤੱਕ ਪੈਜ਼ਾਰ ਸ਼ਰੀਫ਼ (ਜੁੱਤੀ) ਦਾ ਮਿਜ਼ਾਜ ਵਿਗੜਿਆ ਹੀ ਰਿਹਾ। ਇਸ ਨੂੰ ਅੱਡੀਆਂ ਤੇ ਪੱਬਾਂ ਦੇ ਛਾਲੇ ਵੀ ਵਿਖਾਏ ਗਏ, ਪਰ ਸ੍ਰੀਮਤੀ ਨਰਮ ਨਾ ਹੋਈ। ਜਦ ਕਿਸੇ ਨੂੰ ਪਤਾ ਲੱਗ ਜਾਏ ਕਿ ਫਲਾਣਾ ਮੇਰਾ ਚਾਹਵਾਨ ਹੈ, ਉਹ ਜ਼ਰੂਰ ਆਪਣੇ ਚਾਹਵਾਨ ਨਾਲ ਆਕੜੇਗਾ, ਜਾਂ ਆਕੜੇਗੀ। ਜੁੱਤੀ ਹੋਰਾਂ ਦਾ ਵੀ ਇਹੋ ਹਿਸਾਬ ਸੀ। ਅਚਾਨਕ ਮੈਨੂੰ ਬਜ਼ੁਰਗਾਂ ਦੀ ਇਕ ਗੱਲ ਯਾਦ ਆਈ –

“ਤੇਲ ਤਮਾ ਜਿਸ ਕੋ ਮਿਲੇ ਨਰਮ ਹੋਏ ਤਤਕਾਲ”

ਕੱਚੀ ਘਾਣੀ ਦਾ ਤੇਲ ਲੱਭਿਆ ਗਿਆ। ਸ੍ਰੀਮਤੀ ਦੀ ਖੂਬ ਮਾਲਸ਼ ਹੋਈ। ਇਸ ਕਿਰਿਆ ਤੋਂ ਬਾਅਦ ਜੁੱਤੀ ਨੂੰ ਕਿਤਾਬਾਂ ਵਾਲੀ ਅਲਮਾਰੀ ਵਿਚ ਰੱਖਿਆ ਗਿਆ। ਇਸ ਲਈ ਨਹੀਂ ਕਿ ਉਹ ਪੜ੍ਹ ਕੇ ਨਸੀਹਤ ਹਾਸਲ ਕਰੇ ਜਾਂ ਚੰਗੀ ਸੁਹਬਤ ਦਾ ਫਾਇਦਾ ਉਠਾਏ। ਏਥੇ ਮਹਾਤਮਾ ਗਾਂਧੀ ਜੀ ਦੀ ਸੁਹਬਤ ਤੋਂ ਕਿਸ ਨੇ ਫਾਇਦਾ ਉਠਾਇਆ ਹੈ? ਚੰਗੀਆਂ ਕਿਤਾਬਾਂ ਪੜ੍ਹ ਕੇ ਕਿਸ ਆਗੂ ਨੇ ਮੁਲਕ ਨੂੰ ਚੰਗਾ ਬਣਾਇਆ ਹੈ? ਇਹ ਤਾਂ ਵਿਚਾਰੀ ਹੈ ਹੀ ਅਨਪੜ੍ਹ ਚਰਨਦਾਸੀ। ਖ਼ੈਰ ਜੁੱਤੀ ਨੂੰ ਅਲਮਾਰੀ ਚ ਇਸ ਲਈ ਰੱਖਿਆ ਗਿਆ ਕਿ ਬਾਹਰ ਚੂਹੇ ਦਾ ਖ਼ਤਰਾ ਹੈ, ਕਿਉਂਕਿ ਬਚਪਨ ਤੋਂ ਹੀ ਅਸੀਂ ਜੁੱਤੀ ਤੇ ਚੂਹੇ ਦਾ ਮੇਲ ਦੇਖਦੇ ਆਏ ਹਾਂ। ਜਦ ਹਾਲੇ ਮੈਂ ਕਾਇਦਾ ਹੀ ਪੜ੍ਹਦਾ ਸਾਂ ਤੇ ਇਹ ਤਸਵੀਰ ਵੇਖਦਾ ਸਾਂ – ਜੀਮ – “ਜੁੱਤੀ” ਚੇ – “ਚੂਹਾ”, ਨਾਲੋ ਨਾਲ ਦੋਵੇਂ ਤਸਵੀਰਾਂ ਹੁੰਦੀਆਂ ਸਨ। ਹੁਣ ਜਦ ਤੇਲ ਲੱਗੀ ਜੁੱਤੀ ਹੇਠਾਂ ਪਈ ਹੋਵੇ, ਚੂਹਾ ਉਸ ਦਾ ਪੁਰਾਣਾ ਦੋਸਤ ਕੀ ਉਸ ਨੂੰ ਮਿਲਣ ਨਾ ਆਏਗਾ?

ਦੂਸਰੇ ਦਿਨ ਸਵੇਰੇ ਜੁੱਤੀ ਪਾਈ ਗਈ। ਬੂਟ ਸ਼ਾਦੀ ਤੋਂ ਪਹਿਲਾਂ ਪਾਉਣਾ ਨਹੀਂ, ਹੋਰ ਕੋਈ ਪਾਉਣ ਵਾਸਤੇ ਚੀਜ਼ ਨਹੀਂ। ਹੁਣ ਜੁੱਤੀ ਪੈਰੀਂ ਪਾ ਕੇ ਦੇਖ ਰਿਹਾ ਸਾਂ ਕਿ ਇਹ ਚਮੜੇ ਦੀ ਹੈ ਜਾਂ ਲਕੜੀ ਦੀ? ਹਾਏ! ਤੌਬਾ-ਤੌਬਾ! ਐਡੀ ਸਖ਼ਤ, ਕੀ ਬਜ਼ੁਰਗਾਂ ਦਾ ਕੌਲ ਝੂਠ ਨਿਕਲਿਆ? ਇਹ ਜੁੱਤੀ ਤੇ ਉਲਟਾ ਅਸਰ ਕਿਉਂ ਹੋਇਆ? ਜਾਂ ਕਿਤੇ “ਗ਼ਾਲਿਬ” ਦੀ ਗੱਲ ਹੀ ਠੀਕ ਨਾ ਹੋਵੇ –

“ਹਮਾਰੇ ਜਜ਼ਬਾ-ਏ-ਦਿਲ ਕੀ ਮਗਰ ਤਾਸੀਰ ਉਲਟੀ ਹੈ”

ਹੁਣ ਇਹ ਸੋਚ ਰਿਹਾ ਸਾਂ ਜੁੱਤੀ ਨੂੰ ਤੇਲ ਹੀ ਲਾਇਆ ਸੀ, ਕੋਈ ਸੈਕੋਟੀਨ ਤੇ ਨਹੀਂ ਮਲੀ ਸੀ, ਕੋਈ ਬਰੋਜ਼ੇ ਜਾਂ ਸੁਰੇਸ਼ ਦੀ ਮਾਲਸ਼ ਤੇ ਨਹੀਂ ਕੀਤੀ ਤੇ ਨਾ ਹੀ “ਤੇਲ ਭੁਲਾਵੇ ਭੁੱਲਾ ਬਾਣੀਆ, ਦਿੱਤੀ ਵਾਰਨਿਸ਼ ਉਲਟ”। ਫੇਰ ਖਿਆਲ ਆਇਆ ਸ਼ਾਇਦ ਤੇਲ ਹਰ ਇਕ ਚੀਜ਼ ਨੂੰ ਨਰਮ ਨਾ ਕਰਦਾ ਹੋਵੇ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਤੇਲ ਦੇ ਵੱਡੇ ਵੱਡੇ ਕੁੱਪੇ ਸਨ। ਜੇ ਤੇਲ ਹਰ ਚੀਜ਼ ਨੂੰ ਨਰਮ ਕਰ ਸਕਦਾ ਤਾਂ ਕੁੱਪੇ ਏਸੇ ਤਰ੍ਹਾਂ ਆਕੜੇ ਰਹਿੰਦੇ ? ਉਹ ਮਸ਼ਕਾਂ ਨਾ ਬਣ ਗਏ ਹੁੰਦੇ। ਫੇਰ ਤੱਕੜੀ ਦੇ ਛਾਬੇ ਹੀ ਦੇਖੋ, ਤੇਲ ਲੱਗਣ ਤੇ ਟੱਲੀ ਵਾਂਗ ਖੜਕਦੇ ਹਨ। ਜ਼ਰੂਰ ਇਹ ਜੁੱਤੀ ਵੀ ਏਸੇ ਚਮੜੀ ਦੀ ਹੈ ਜਾਂ ਇਹ ਕਹਿ ਲਵੋ ਕਿ ਊਠ ਦੀ ਖੱਲ ਤੋਂ ਬਣੀ ਹੈ। ਤੌਬਾ? ਮੈਂ ਭੁੱਲ ਕੇ ਖ਼ਰੀਦ ਬੈਠਾ, ਹੁਣ ਸਵਾਲ ਇਹ ਹੈ ਕਿ ਠੀਕ ਕਿਸ ਤਰ੍ਹਾਂ ਹੋਵੇ। ਜੇ ਸਖ਼ਤੀ ਦੀ ਹੀ ਯਾਰ ਹੈ ਤਾਂ ਕਿਉਂ ਨਾ ਜੁੱਤੀ ਨੂੰ ਕਲਬੂਤ ਦਵਾਇਆ ਜਾਏ? ਖ਼ੈਰ ਜੁੱਤੀ ਨੂੰ ਛਾਲੇ ਪਾਉਣ ਦੇ ਬਦਲੇ ਦੋ ਘੰਟੇ ਦੀ ਸਖ਼ਤ ਸਜ਼ਾ ਦਿੱਤੀ ਗਈ, ਕੁਝ ਬੈਂਤ ਵੀ ਮਾਰੇ ਗਏ।

ਜੁੱਤੀ ਨੂੰ ਆਖਰਕਾਰ ਦੁਕਾਨਦਾਰ ਤੋਂ ਮਾਫ਼ੀ ਮੰਗਣੀ ਪਈ। ਉਸ ਨੂੰ ਕਲਬੂਤ ਦੀ ਫਾਂਸੀ ਤੋਂ ਉਤਾਰਿਆ ਗਿਆ, ਪਰ ਹੁਣ ਪੈਰ ਇਨਕਾਰੀ ਸਨ, ਦੋਸ਼ੀ ਤੇ ਸਜ਼ਾ-ਯਾਫ਼ਤਾ ਦੇ ਨਾਲ ਨਹੀਂ ਸਨ ਲੱਗਣਾ ਚਾਹੁੰਦੇ, ਦੇਸ਼ ਦਾ ਰਿਵਾਜ ਜੋ ਹੋਇਆ, ਇਹ ਵੀ ਮਜ਼ਬੂਤ ਸਨ।

ਬੜੀ ਮੁਸ਼ਕਲ ਨਾਲ ਪੈਰਾਂ ਨੂੰ ਮਨਾਇਆ ਗਿਆ ਕਿ ਮਿਹਰਬਾਨ! ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ ਕਿ ਦੋਸ਼ੀ ਨਾਲ ਨਫ਼ਰਤ ਕੀਤੀ ਜਾਏ। ਤੁਸੀਂ ਵੀਹਵੀਂ ਸਦੀ ਦੇ ਉਜਾਲੇ ਵਿੱਚ ਜੀ ਰਹੇ ਹੋ। ਨਾਲੇ ਇਹ ਵਿਚਾਰੀ ਮਾਫ਼ੀ ਮੰਗ ਚੁੱਕੀ ਹੈ, ਸਾਨੂੰ ਇਹ ਵੀ ਮਨਜ਼ੂਰ ਹੈ ਕਿ ਜੁੱਤੀ ਨੂੰ ਤੁਸੀਂ ਠਿੱਬੀ ਕਰ ਲਵੋ, ਪਰ ਪਹਿਨੋ ਜ਼ਰੂਰ।

ਕਿਸੇ ਦਾ ਇਹ ਕਹਿਣਾ ਠੀਕ ਹੈ ਕਿ ਜੁੱਤੀ ਨੂੰ “ਪਾਦ ਤਰਾਣ” ਕਹੋ ਜਾਂ “ਪਿਆਰੀ ਚਰਨਦਾਸੀ” ਪਰ ਲੱਗੇਗੀ ਜ਼ਰੂਰ। ਹਰ ਜੁੱਤੀ ਲੱਗੇਗੀ ਚਾਹੇ ਤੁਸੀਂ ਜੁੱਤੀ ਪਾਈ “ਹਨੂਮਾਨ ਚਾਲੀਸਾ” ਪੜ੍ਹੋ ਚਾਹੇ “ਵਾਹਿਗੁਰੂ ਵਾਹਿਗੁਰੂ” ਕਰੋ ਪਰ ਇਹ ਦੰਦ ਜ਼ਰੂਰ ਮਾਰੇਗੀ। ਅਸਾਂ ਏਸ ਵਾਕ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ “ਕੈਸਰ” ਦੇ ਸ਼ੌਕ ਨੂੰ ਮੁੱਖ ਰੱਖਦਿਆਂ ਹੋਇਆਂ ਜੁੱਤੀ ਖ਼ਰੀਦੀ ਸੀ।

ਅੱਜ ਕਿਤੇ ਚਮੜਾ ਸਾੜਿਆ ਜਾ ਰਿਹਾ ਹੈ, ਕਿਸੇ ਬਾਂਸ ਰਗੜਿਆ ਜਾਂਦਾ ਹੈ, ਫੇਰ ਵੀ ਪੈਰਾਂ ਨੂੰ ਕੋਈ ਆਰਾਮ ਨਹੀਂ, ਸੋਚ ਰਿਹਾ ਸਾਂ ਕੀ ਪਿਆਰੀ ਦੇ ਭਰਾ ਦੀ ਸ਼ਾਦੀ ਤੱਕ ਪੈਰਾਂ ਨੂੰ ਕੁਝ ਹੋਸ਼ ਵੀ ਆਏਗੀ? ਕਾਸ਼ ਮੇਰੇ ਪੈਰ ਹੀ “ਅਸਫੰਦ ਯਾਰ” ਵਰਗੇ ਹੁੰਦੇ ਉਹ “ਅਸਫੰਦ” ਜਿਸ ਦਾ ਜਿਸਮ ਹਕੀਮਾਂ ਨੇ ਬੱਜਰ ਬਣਾ ਦਿੱਤਾ ਸੀ ਤੇ ਮਹਾਂ ਕਵੀ ਫਿਰਦੌਸੀ ਨੇ ਜਿਸ ਬਾਬਤ ਸ਼ਾਹਨਾਮੇ ਵਿਚ ਲਿਖਿਆ ਹੈ-

ਜਦ ਰੁਸਤਮ ਨੇ ਅਸਫੰਦ ਯਾਰ ਨੂੰ ਤੀਰ ਮਾਰਿਆ, ਤੀਰ ਦਾ ਫਲ ਖੁੰਢਾ ਹੋ ਗਿਆ। ਅਸਫੰਦ ਨੇ ਲਲਕਾਰ ਕੇ ਕਿਹਾ, “ਰੁਸਤਮ ਤੇਰੇ ਇਹੋ ਜਿਹੇ ਸਭ ਤੀਰ ਬੇਕਾਰ ਜਾਣਗੇ”

“ਕਿੱਥੇ ਹੈ ਤੇਰੀ ਪਹਾੜੀ ਦੀਆਂ ਚੋਟੀਆਂ ਨੂੰ ਕੱਟਣ ਵਾਲੀ ਤੇਗ,
ਪੱਥਰਾਂ ਚੋਂ ਪਾਰ ਹੋਣ ਵਾਲੇ ਤੀਰ,
ਤਾਰਿਆਂ ਦੇ ਸੀਨੇ ਚ ਖੁੱਭਣ ਵਾਲੇ ਨੇਜ਼ੇ,
ਕਿੱਥੇ ਹੈ ਫ਼ੌਲਾਦ ਦੇ ਟੁਕੜੇ ਕਰਨ ਵਾਲਾ ਤੇਰਾ ਕੁਹਾੜਾ?”

ਕਾਸ਼ ਮੇਰੇ ਪੈਰ ਵੀ ਇਹੋ ਜਿਹੇ ਹੁੰਦੇ। ਮੈਂ ਸ਼ਾਦੀ ਤੇ ਜਾ ਸਕਦਾ ਤੇ ਆਪਣੀ ਪਿਆਰੀ ਦੇ ਦਰਸ਼ਨ ਕਰਕੇ ਨਿਹਾਲ ਹੋ ਸਕਦਾ।

ਪਰ ਅਫ਼ਸੋਸ ਕਿ ਮੈਂ ਕਿਸਾਨ ਨਹੀਂ! ਮੇਰੇ ਪੈਰ ਜੇ ਚੰਮ ਦੀ ਜੁੱਤੀ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਉਹ ਚਾਂਦੀ ਦੀ ਸਖ਼ਤ ਜੁੱਤੀ ਦਾ (ਮੇਰੀ ਮੁਰਾਦ ਉਸ ਚਾਂਦੀ ਤੋਂ ਹੈ ਜਿਸ ਦੇ ਅੱਜਕੱਲ ਲਿਸ਼ਕਦੇ ਸਿੱਕੇ ਬਣ ਰਹੇ ਹਨ) ਕਿਸ ਤਰ੍ਹਾਂ ਮੁਕਾਬਲਾ ਕਰਨਗੇ? ਖ਼ੈਰ ਮੈਨੂੰ ਪਿਆਰੀ ਦੇ ਨਾ ਮਿਲਣ ਤੇ ਜੁੱਤੀ ਖ਼ਰੀਦਣ ਦਾ ਉਮਰ ਭਰ ਅਫ਼ਸੋਸ ਰਹੇਗਾ। ਪਰ ਹੁਣ ਚੀਨੀ ਹਕੀਮ ਦੀ ਇਹ ਨੁਸਖ਼ਾ ਅਮਲ ਵਿਚ ਲਿਆਉਣਾ ਪਏਗਾ, ਕਿ “ਪੈਰਾਂ ਨੂੰ ਤੰਗ ਕਰਨ ਵਾਲਿਆਂ ਤੇ ਪੁਰਾਣੀ ਕਿਸਮ ਦੀਆਂ ਜੁੱਤੀਆਂ ਨੂੰ ਬਦਲੋ।”

Loading spinner