ਮਨ ਪਰਚਾਵੇ
ਪੰਡਤ ਸ਼ਰਧਾ ਰਾਮ ਫਿਲੌਰੀ
ਹੁਣ ਪੰਜ ਛੀ ਕੁੜੀਆਂ ਮਹੱਲੇ ਵਿਚ ਆ ਕੇ ਬੋਲੀਆਂ, “ਆਓ, ਭੈਣੇ ਖੇਡੀਏ”। ਇੱਕ ਆਖਿਆ, “ਅਸਾਂ ਤੇ ਖੇਡਣਾ ਨਹੀਂ ਅਸਾਡਾ ਪੈਰ ਦੁਖਦਾ ਜੇ, ਜੇ ਤੁਹਾਡੀ ਸਲਾਹ ਹੋਵੇ ਤਾਂ ਬੈਠ ਕੇ ਪਹੇਲੀਆਂ ਪਾਓ” ਇਹ ਸੁਣ ਕੇ ਕਿਸੇ ਰਾਜੇ ਰਾਣੀ ਦੀ ਤੇ ਕਿਸੇ ਚਿੜੀ ਚਿੜੇ ਦੀ ਕਥਾ ਪਾਈ। ਇਕ ਉਹਨਾਂ ਵਿਚੋਂ ਉੱਲੂ ਦੀ ਕਥਾ ਪਾ ਕੇ ਬੋਲੀ, “ਬੱਸ ਭੈਣ ਨੰਦੀ ਅਸਾਨੂੰ ਤੇ ਇਹ ਇਕ ਹੀ ਆਂਦੀ ਸਾਈ, ਸੋ ਅਸਾਂ ਸੁਣਾ ਛੱਡੀ, ਹੁਣ ਤੂੰ ਸੁਣਾਉ।” ਉਸ ਆਖਿਆ, “ਅਡੀਏ! ਸੁਣਨ ਵਾਲੀਆਂ ਕਥਾ ਥੀਂ ਅਸਾਂ ਨੂੰ ਨੀਂਦਰ ਆਂਦੀ ਨੇ ਕੋਈ ਬੁਝਣ ਵਾਲੀਆਂ ਪਹੇਲੀਆਂ ਪਾਓ।”
ਉਹਨਾਂ ਵਿਚੋਂ ਇਕ ਬੋਲੀ, “ਭਲਾ ਬੁਝੋ ਖਾਂ – ਇਤਨੀ ਕੁ ਰਾਈ, ਸਾਰੇ ਪਿੰਡ ਚ ਖਿੰਡਾਈ।” ਪਹਿਲਾਂ ਤੇ ਕੁਝ ਚਿਰ ਸੋਚ ਵਿਚ ਪਈਆਂ, ਪਰ ਫੇਰ ਆਖਿਆ, “ਭੈਣ? ਏਹ ਤਾਂ ਅੱਗ ਜਾਪਦੀ ਜੇ” ਉਸ ਆਖਿਆ “ਅਹਾਂ ਨੀ, ਅਹਾਂ ਇਹ ਅੱਗ ਹੀ ਜੇ।” ਫਿਰ ਇਕ ਕੁੜੀ ਆਖਿਆ, “ਲਓ ਮੇਰੀ ਫੜੇਲੀ ਬੁਝੋ, ਥੜ੍ਹੇ ਉੱਤੇ ਥੜ੍ਹਾ, ਉੱਪਰ ਲਾਲ ਕਬੂਤਰ ਖੜ੍ਹਾ।” ਇਕ ਕੁੜੀ ਇਹ ਭੀ ਬੁਝ ਲੀਤੀ ਕਿ ਭੈਣ ਆਹ ਦੀਵਾ ਹਈ।
ਫੇਰ ਇਕ ਕੁੜੀ ਬੋਲੀ, “ਹੱਛਾ ਭੈਣੋ! ਇੱਕ ਬਾਤ ਮੇਰੀ ਭੀ ਬੁਝੋ ਖਾਂ ਤਦ ਤੁਹਾਡੀ ਚਤਰਾਈ ਮੰਨਾਂਗੀ – ਕਥਾ ਪਾਮਾਂ ਕਬੋਲੀ ਪਾਮਾ ਸੁਣ ਖਾਂ ਭਾਈ ਹਕੀਮਾ, ਲਕੜੀਆਂ ਤੋਂ ਪਾਣੀ ਕੀਤਾ ਪਾਣੀਓਂ ਕੀਤੀਆਂ ਢੀਮਾਂ।” ਇਹ ਫੜੇਲੀ ਸੁਣ ਕੇ ਸਭੇ ਸੋਚ ਵਿਚ ਪਈਆਂ ਅਤੇ ਬੋਲੀਆਂ “ਭੈਣੇ ਇਹ ਤਾਂ ਕੋਈ ਔਖੀ ਫੜੇਲੀ ਪਾਈ ਨੇ ਜੋ ਅਸਾਂ ਤੇ ਬੁਝ ਨਹੀਂ ਹੁੰਦੀ। ਭਲਾ ਦੱਸ ਖਾਂ ਖਾਣ ਵਿੱਚੋਂ ਕਿ ਵਰਤਣੇ ਵਿੱਚ ?” ਉਸ ਆਖਿਆ, “ਵਰਤਣੇ ਵਿਚ ਭੀ ਹੈ ਖਾਣੇ ਵਿਚ ਭੀ ਆਂਦੀ ਜੇ।” ਉਨ੍ਹਾਂ ਫੇਰ ਧਿਆਨ ਕਰ ਕੇ ਭੀ ਜਾਂ ਕੁਝ ਨਾ ਦੱਸਿਆ ਤਾਂ ਆਖਿਆ, “ਭੈਣੇ ਇਹ ਤੇ ਅਸਾਂ ਤੇ ਨਹੀਂ ਬੁਝ ਹੁੰਦੀ। ਤੁੰਹੇਂ ਦੱਸ ਖਾਂ ਕੀ ਜੇ ?”
ਉਸ ਆਖਿਆ, “ਸੱਤ ਵਾਰੀ ਆਖ ਦਿਓ ਹਾਰੀਆਂ।”
ਉਨ੍ਹੀਂ ਸਭਨੀ ਜਾਂ ਸੱਤ ਵਾਰੀ “ਹਾਰੀਆਂ, ਹਾਰੀਆਂ” ਆਖਿਆ ਤਾਂ ਉਸ ਹੱਸ ਕੇ ਆਖਿਆ, “ਬੱਸ ਇਸੇ ਗੱਲ ਪੁਰ ਫੜੇਲੀਆਂ ਪਾਉਣ ਦੀ ਚਾਉੜ ਕਰਦੀਆਂ ਸਾਓ। ਇਹ ਤਾਂ ਬਹੁਤ ਹੀ ਸੁਖਾਲੀ ਗੱਲ ਸਾਈ। ਸੁਣੋ, ਮੈਂ ਦੱਸ ਦੇਨੀ ਹਾਂ। ਇਹ ਕੁਮਾਦੀ ਦਾ ਗੰਨਾ ਅਤੇ ਉਸ ਦਾ ਰਸ ਅਤੇ ਗੁਡ ਦੀਆਂ ਭੇਲੀਆਂ ਨੇ” ਇਹ ਸੁਣ ਕੇ ਸੱਭੇ ਹੱਸ ਪਈਆਂ।
ਫੇਰ ਇੱਕ ਨੇ ਆਖਿਆ “ਭੈਣੋ! ਚਾਨਣੀ ਰਾਤ ਜੇ। ਆਓ ਚੂਟਾਹਲਾ ਪਾਈਏ।” ਇਹ ਗੱਲ ਆਖ ਕੇ ਸੱਭੇ ਕੱਠੀਆਂ ਹੋ ਗਈਆਂ ਅਤੇ ਹੱਥਾਂ ਵਿਚ ਹੱਥ ਫਸਾ ਕੇ ਘੇਰਾ ਮਾਰ ਖਲੋਤੀਆਂ। ਕਿਸੇ ਕੋਈ ਬੋਲੀ ਪਾਈ ਅਤੇ ਕਿਸੇ ਕੋਈ ਗੀਤ ਗਾਇਆ। ਜਾਂ ਘੁੰਮ ਘੁੰਮ ਕੇ ਫਾਮੀਆਂ ਹੋ ਗਈਆਂ ਤਾਂ ਆਖਿਆ, “ਆਵੋ ਹੁਣ ਗਿੱਧਾ ਪਾਈਏ। ਅਜੇ ਗਿੱਧਾ ਪਾਉਣ ਹੀ ਲੱਗੀਆਂ ਸਨ ਕਿ ਕਿਸੇ ਦੀ ਮਾਂ ਵਾਜ ਮਾਰੀ, ਨੀ ਗੰਗੀ! ਘਰ ਆਓ।” ਕੋਈ ਬੁੱਢੀ ਬੋਲੀ, “ਨੀ ਵੀਰੋ! ਤੇਰਾ ਪਿਉ ਗੁੱਸੇ ਪਿਆ ਹੁੰਦਾ ਜੇ, ਘਰ ਆਓ।” ਕਿਸੇ ਦੀ ਮਾਂ ਆਖਿਆਂ, “ਕੁੜੇ ਪਾਰਬਤੀ ਆ ਖਾਂ ਤੇਰੇ ਜਿਸ ਕਿਸੇ ਨੂੰ ਪਿੱਟਿਆ, ਸਾਰੀ ਰਾਤ ਬਾਹਰ ਹੀ ਬਿਤਾ ਦਿੱਤੀ ਜੇ।” ਕਿਸੇ ਦੀ ਭੂਆ ਬੋਲੀ, “ਕੁੜੇ ਚੰਦੀਏ! ਕਿੱਥੇ ਖਲੀ ਏਂ? ਟੁਰ-ਰੋਟੀ ਟੁੱਕ ਖਾਹ।”
ਕੁੜੀਆਂ ਜੋ ਆਪਣੀ ਖੇਡ ਵਿਚ ਮੱਤੀਆਂ ਹੋਈਆਂ ਸਨ ਵਿਚੋਂ ਕਿਸੇ ਨੇ ਆਖਿਆ, “ਆਂਦੀ ਨੇ, ਹਿੱਕ ਬੋਲੀ ਪੂਰੀ ਕਰ ਆਮਾਂ।” ਕਿਸੇ ਆਖਿਆ, “ਮੈਂ ਨਹੀਓਂ ਆਂਦੀ।” ਕੋਈ ਬੋਲੀ, “ਹੋਰ ਕਿਸੇ ਦੀ ਮਾਂ ਕਿਸੇ ਨੂੰ ਨਹੀਂ ਬੁਲਾਂਦੀ, ਤੂੰਹੇ ਸਭ ਤੇ ਅਗੇਤਰੀ ਹੱਥ ਧੋ ਕੇ ਅਸਾਡੇ ਮਗਰ ਪੈ ਜਾਂਦੀ ਏਂ।” ਕਿਸੇ ਆਖਿਆ, “ਕਿਉਂ ਕੈਂ ਕੈਂ ਲਾਈ ਜੇ, ਅਸਾਂ ਖੇਲ ਕੇ ਆਮਾਂਗੀਆਂ।” ਕੋਈ ਬੋਲੀ, “ਤੂੰ ਕਾਈ ਭੈੜੀ ਏਂ ਅਸਾਂ ਨੂੰ ਖੇਡਣ ਨਹੀਂ ਦੇਂਦੀ। ਜਾ ਖਾਣ ਮੈਂ ਆਪੇ ਆ ਜਾਮਾਂਗੀ।”
ਇਹ ਗੱਲਾਂ ਸੁਣ ਕੇ ਕਿਸੇ ਦੀ ਮਾਂ ਆਖਿਆ, “ਹੱਛਾ ਤੂੰ ਜਾਣ ਖਲੋਤੀ ਰਹੁ ਤੇਰੇ ਪਿਉ ਨੂੰ ਘੱਲਣੀ ਹਾਂ।” ਕੋਈ ਬੋਲੀ, “ਹੈ ਹੈ ਨੀ ਮਰੀਏ! ਅੱਜੋ ਹੀ ਤੋਂ ਸਾਹਮਣੇ ਉਤਰ ਭੇੜਨ ਲੱਗੀ ਏਂ, ਸਿਆਣੀ ਹੋ ਕੇ ਕੀ ਨਾ ਆਖੇਂਗੀ ?” ਕਿਸੇ ਆਖਿਆ, “ਵੱਢੀਏ, ਅਸਾਂ ਨੂੰ ਕੀ ਆਖਨੀ ਏਂ ਤੇਰਾ ਭਿਰਾ ਪਿਆ ਬੁਲਾਂਦਾ ਨੀ। ਹੱਛਾ ਮੈਂ ਆਖ ਦੱਸਾਂਗੀ ਕਿ ਬੀਬਾ, ਉਹ ਨਹੀਂ ਆਂਦੀ।” ਕਿਸੇ ਆਖਿਆ, “ਬਾਬੇ ਨੂੰ ਖਾਣੀਏ ਘਰ ਕਿਸ ਦੇ ਵੜੇਂਗੀ? ਹੱਛਾ ਮੈਂ ਬੂਹਾ ਭੇੜ ਲੈਨੀ ਹਾਂ ਤੂੰ ਜਾਣ ਮਾਰ ਝੱਖ।” ਕਿਸੇ ਆਖਿਆ, “ਨੀ ਘਰਦਿਆਂ ਨੂੰ ਖਾਣੀਏ। ਸੁਣ ਕੇ ਕੰਨਾਂ ਮੁੱਢ ਮਾਰਨੀ ਏਂ, ਰਾਤ ਵੱਡੀ ਗਈ ਜੇ, ਘਰ ਆਓ।” ਇਹ ਸੁਣ ਕੇ ਸੱਭੋ ਕੁੜੀਆਂ ਘਰ ਨੂੰ ਗਈਆਂ।