ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਵਾਰਤਕ

ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ

ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਵਾਰਤਕ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਵਿਸ਼ੇ-ਵਸਤੂ ਦੀ ਪੇਸ਼ਕਾਰੀ ਸਮੇਂ ਪ੍ਰਮੁਖਤਾ ਤਰਕ ਜਾਂ ਦਲੀਲ ਨੂੰ ਦਿੱਤੀ ਜਾਂਦੀ ਹੈ। ਮਿਸਾਲ ਵਜੋਂ ਇੱਕ ਵਿਸ਼ਾ ਹੈ – ਮਜ਼ਦੂਰ ਦੀ ਜ਼ਿੰਦਗੀ। ਇਸ ਵਿਸ਼ੇ ਬਾਰੇ ਕਵਿਤਾ, ਕਹਾਣੀ ਨਾਵਲ, ਨਾਟਕ, ਵਾਰਤਕ ਆਦਿ ਸਭ ਰੂਪਾਂ ਵਿੱਚ ਲਿਖਿਆ ਜਾ ਸਕਦਾ ਹੈ। ਕਵਿਤਾ ਲਿਖਣ ਵੇਲੇ ਮਜ਼ਦੂਰ ਦੀ ਜ਼ਿੰਦਗੀ ਦਾ ਕੋਈ ਇੱਕ ਤੀਬਰ ਪਲ, ਜਿਹੜਾ ਉਸ ਦੀ ਖੁਸ਼ੀ, ਉਦਾਸੀ, ਗੁੱਸਾ, ਉਪਰਾਮਤਾ, ਪਿਆਰ, ਨਫ਼ਰਤ ਕੋਈ ਵੀ ਹੋ ਸਕਦਾ ਹੈ – ਕਵਿਤਾ ਦਾ ਵਸਤੂ ਬਣੇਗਾ ਤੇ ਉਹ ਵੀ ਲੇਖਕ ਦੇ ਅਨੁਭਵ ਦੀ ਪੱਧਰ ਤੇ। ਕਹਾਣੀ ਵਿੱਚ ਉਸ ਦੀ ਜ਼ਿੰਦਗੀ ਦਾ ਕੋਈ ਇੱਕ ਪਹਿਲੂ ਜਾਂ ਘਟਨਾ ਹੋ ਸਕਦੀ ਹੈ ਤੇ ਨਾਵਲ ਵਿੱਚ ਉਹਦੀ ਸਮੁੱਚੀ ਜ਼ਿੰਦਗੀ ਤੇ ਆਲੇ-ਦੁਆਲੇ ਦਾ ਸਾਰਾ ਸਮਾਜਿਕ  ਪ੍ਰਸੰਗ ਵੀ ਜਿਸ ਵਿੱਚ ਕਿ ਉਹ ਰਹਿੰਦਾ ਹੈ। ਇੰਞ ਹੀ ਉਸ ਦੀ ਜ਼ਿੰਦਗੀ ਦਾ ਚਿਤਰਨ ਨਾਟਕ ਦੇ ਰੂਪ ਵਿੱਚ ਕਰਨ ਵੇਲੇ ਕੇਵਲ ਪੱਖ ਹੀ ਨਾਟਕਕਾਰ ਦੀ ਪਕੜ ਵਿੱਚ ਆਉਣਗੇ ਜਿਨ੍ਹਾਂ ਵਿੱਚ ਨਾਟਕੀਅਤਾ ਹੋਏਗੀ ਅਰਥਾਤ ਕੁਝ ਚੋਣਵੇਂ ਪਹਿਲੂ ਜਿਨ੍ਹਾਂ ਨੂੰ ਮੰਚ ਉੱਤੇ ਦਰਸਾਇਆ ਜਾ ਸਕਣਾ ਸੰਭਵ ਹੋਵੇਗਾ।

ਇਹਨਾਂ ਸਾਰੀਆਂ ਹੀ ਵੰਨਗੀਆਂ ਦੀ ਇੱਕ ਸੀਮਾ ਹੈ ਕਿ ਸਾਰੀਆਂ ਹੀ ਵੰਨਗੀਆਂ ਵਿੱਚੋਂ ਮਜ਼ਦੂਰ ਦੀ ਜ਼ਿੰਦਗੀ ਦਾ ਜੋ ਚਿਤਰ ਉੱਭਰ ਕੇ ਆਏਗਾ ਉਹ ਨਾਵਲ ਨੂੰ ਛੱਡ ਕੇ ਬਾਕੀ ਵੰਨਗੀਆਂ ਵਿੱਚ ‘ਅਧੂਰਾ’ ਹੋਏਗਾ।

ਹਾਂ, ਨਾਵਲ ਵਿੱਚ ਪੂਰਾ ਚਿੱਤਰ ਉਘੜ ਕੇ ਆ ਸਕਦਾ ਹੈ। ਨਾਵਲ ਵਾਂਗ ਹੀ ਉਸ ਦੀ ਜ਼ਿੰਦਗੀ ਦਾ ਪੂਰਾ ਚਿੱਤਰ ਉਘਾੜਨ ਲਈ ਦੂਜਾ ਸਫ਼ਲ ਮਾਧਿਅਮ ਵਾਰਤਕ ਹੈ। ਜੋ ਕੁਝ ਨਾਵਲਕਾਰ ਦੋ-ਤਿੰਨ ਸੌ ਸਫ਼ਿਆਂ ਦੇ ਨਾਵਲ ਵਿੱਚ ਉਭਾਰੇਗਾ ਉਸ ਨੂੰ ਵਾਰਤਕ-ਲੇਖਕ ਦਸਾਂ-ਪੰਦਰਾਂ ਸਫ਼ਿਆਂ ਵਿੱਚ ਦੱਸ ਸਕੇਗਾ।

ਇਸ ਦਾ ਅਰਥ ਇਹ ਉੱਕਾ ਨਹੀਂ ਕਿ ਨਾਵਲਕਾਰ ਦੇ ਦੋ-ਤਿੰਨ ਸੌ ਸਫ਼ੇ ਫ਼ਜ਼ੂਲ ਹਨ ਸਗੋਂ ਇਸ ਤੋਂ ਉਲਟ ਇਹ ਹੈ ਕਿ ਨਾਵਲ ਮਾਧਿਅਮ ਹੀ ਅਜਿਹਾ ਹੈ ਜਿਸ ਵਿੱਚ ਨਾਵਲਕਾਰ ਨੂੰ ਜ਼ਿੰਦਗੀ ਵਿੱਚ ‘ਵਾਪਰਦੇ’, ‘ਵਾਪਰ ਗਏ’ ਨੂੰ ‘ਹੁੰਦਾ’ ‘ਹੋਇਆ’ ਜਾਂ ‘ਹੋਣ ਵਾਲਾ’ ਕਰ ਕੇ ਵਿਖਾਉਣਾ ਹੁੰਦਾ ਹੈ ਤੇ ਵਾਰਤਾਕਾਰ ਨੇ ਇਹ ਸਭ ਕੁਝ ‘ਦੱਸਣਾ’ ਹੈ। ‘ਦੱਸਣ’ ਤੇ ‘ਵਾਪਰਦਾ ਦਰਸਾਉਣ’ ਵਿੱਚ ਹੀ ਇਹ ਭੇਦ ਹੈ ਕਿ ਇੱਕੋ ਗੱਲ ਇੱਕ ਮਾਧਿਅਮ ਵਿੱਚ ਤਿੰਨ ਸੌ ਸਫ਼ਿਆਂ ਵਿੱਚ ਸਮੇਟੀ ਜਾਂਦੀ ਹੈ ਤੇ ਉਹੋ ਗੱਲ ਦੂਜੇ ਮਾਧਿਅਮ ਵਿੱਚ ਪੰਦਰਾਂ ਸਫ਼ਿਆਂ ਵਿੱਚ। ਏਥੇ ਇੱਕ ਦਿਲਚਸਪ ਤੇ ਠੋਸ ਉਦਾਹਰਣ ਦੇਣੀ ਯੋਗ ਹੋਵੇਗੀ। ਦੋ ਵਾਕ ਹਨ – ‘ਇੱਕ ਆਦਮੀ ਸਵੇਰੇ ਘਰੋਂ ਤਿਆਰ ਹੋ ਕੇ ਨੌਂ ਵਜੇ ਦਫਤਰ ਗਿਆ। ਦਿਨ ਭਰ ਦਫ਼ਤਰੀ ਕੰਮ ਕਰਕੇ ਉਹ ਪੰਜ ਵਜੇ ਆਪਣੇ ਘਰ ਪਰਤ ਆਇਆ।’ ਇਹਨਾਂ ਦੋਹਾਂ ਵਾਕਾਂ ਤੋਂ ਉਸ ਆਦਮੀ ਦੇ ਤਿਆਰ ਹੋਣ, ਦਫ਼ਤਰ ਜਾ ਕੇ ਕੰਮ ਕਰਨ ਤੇ ਘਰ ਆਉਣ ਦੀ ਪਤਾ ਲੱਗ ਜਾਂਦਾ ਹੈ। ਪਰ ਸੋਚੋ ਕਿ ਸਵੇਰੇ ਤਿਆਰ ਹੋਣ ਤੋਂ ਲੈ ਕੇ 9-10 ਘੰਟੇ ਦਾ ਸਾਰਾ ਸਮਾਂ ਜੇ ਉਸ ਨੂੰ, ਜੋ ਕੁਝ ਉਸ ਨੇ ਇਸ ਸਮੇਂ ਵਿਚ ਕੀਤਾ, ਕਰਦਿਆਂ ਦਿਖਾਇਆ ਜਾਵੇ ਤਾਂ ਕਿੰਨੇ ਸਫ਼ੇ ਲਿਖਣੇ ਪੈਣਗੇ ? ਬੱਸ ‘ਵਾਪਰਦਾ ਦਰਸਾਉਣ’ ਤੇ ‘ਦੱਸਣ’ ਵਿੱਚ ਇਹੋ ਫ਼ਰਕ ਹੈ। ਇੰਞ ਵਾਪਰਦਾ ਦਰਸਾਉਣ ਤੇ ਦੱਸਣ ਦੇ ਮਾਧਿਅਮਾਂ ਵਿੱਚ ਵੀ ਫ਼ਰਕ ਹੈ। ਕਹਾਣੀ, ਨਾਵਲ, ਨਾਟਕ ਬਹੁਤਾ ਕਰ ਕੇ ਵਾਪਰਦਾ ਦਰਸਾਉਣ ਦੇ ਮਾਧਿਅਮ ਹਨ ਤੇ ਵਾਰਤਕ ਵਾਪਰੇ ਹੋਏ ਜਾਂ ਵਾਪਰਨ ਵਾਲੇ ਨੂੰ ਦੱਸਣ ਦਾ ਮਾਧਿਅਮ। ‘ਦਰਸਾਉਣ’ ਵਿੱਚ ਦਲੀਲ ਨੂੰ ਥਾਂ ਘੱਟ ਹੁੰਦੀ ਹੈ ਤੇ ‘ਦੱਸਣ’ ਵਿੱਚ ਦਲੀਲ ਹੀ ਮੁੱਖ ਹੁੰਦੀ ਹੈ। ਇਸੇ ਕਰਕੇ ਵਾਰਤਕ ਦਾ ਧੁਰਾ ਦਲੀਲ ਹੁੰਦੀ ਹੈ।

‘ਦਲੀਲ’ ਤੋਂ ਭਾਵ ਇਹ ਵੀ ਨਹੀਂ ਲੈ ਲਿਆ ਜਾਣਾ ਚਾਹੀਦਾ ਕਿ ਵਾਰਤਕ ਵਿੱਚ ਨਿਰੋਲ ਦਲੀਲ ਹੀ ਹੁੰਦੀ ਹੈ। ਸਾਹਿਤਕ ਵਾਰਤਕ ਵਿੱਚ ਦਲੀਲ ਦੇ ਨਾਲ-ਨਾਲ ‘ਦਰਸਾਉਣ’ ਦੇ ਮਾਧਿਅਮਾਂ ਦੇ ਅੰਸ਼ ਵੀ ਹੁੰਦੇ ਹਨ। ਇਸੇ ਕਰਕੇ ਵਾਰਤਕ ਵਿੱਚ ਕਹਾਣੀ, ਨਾਟਕੀ ਆਦਿ ਦੇ ਗੁਣ ਵੀ ਹੁੰਦੇ ਹਨ।

ਹੁਣ ਤੱਕ ਵਧੇਰੇ ਆਲੋਚਕਾਂ ਨੇ ਨਿਬੰਧ (ਲੇਖ) ਨੂੰ ਹੀ ਵਾਰਤਕ ਦਾ ਵਿਸ਼ੇਸ਼ ਰੂਪ ਮੰਨਿਆ ਹੈ। ਇਹ ਕਈ ਪ੍ਰਕਾਰ ਦਾ ਹੋ ਸਕਦਾ ਹੈ – ਵਰਣਾਤਮਕ, ਕਥਾਤਮਕ, ਭਾਵਾਤਮਕ ਤੇ ਵਿਚਾਰਾਤਮਕ ਜਾਂ ਆਲੋਚਨਾਤਮਕ। ਇਸ ਤੋਂ ਇਲਾਵਾ ਜੀਵਣੀ, ਸਫ਼ਰਨਾਮਾ, ਰੇਖਾ-ਚਿੱਤਰ, ਡਾਇਰੀ, ਰਿਪੋਰਤਾਜ ਆਦਿ ਨੂੰ ਵੀ ਵਾਰਤਕ ਰਚਨਾਵਾਂ ਮੰਨਿਆ ਗਿਆ ਹੈ।

ਵਾਰਤਕ ਦੇ ਤੱਤ

ਮੋਟੇ ਤੌਰ ਤੇ ਵਿਦਵਾਨਾਂ ਨੇ ਵਾਰਤਕ-ਰਚਨਾ ਅਰਥਾਤ ਨਿਬੰਧ ਦੇ ਤਿੰਨ ਪ੍ਰਮੁੱਖ ਤੱਤ ਮੰਨੇ ਹਨ
ਵਿਸ਼ਾ ਵਸਤੂ
ਸ਼ੈਲੀ
ਮਨੋਰਥ

ਵਿਸ਼ਾ-ਵਸਤੂ – ਵਿਸ਼ਾ-ਵਸਤੂ ਭਾਵੇਂ ਹਰ ਸਾਹਿਤਕ-ਰਚਨਾ ਵਿੱਚ ਮੂਲ ਗੱਲ ਹੁੰਦੀ ਹੈ ਪਰ ਇਸ ਦੀ ਪੇਸ਼ਕਾਰੀ ਵੱਖ-ਵੱਖ ਵੰਨਗੀਆਂ ਵਿੱਚ ਵੱਖ-ਵੱਖ ਤਰ੍ਹਾਂ ਹੁੰਦੀ ਹੈ। ਮਿਸਾਲ ਵਜੋਂ ਨਾਵਲ, ਨਾਟਕ, ਕਹਾਣੀ ਤੇ ਨਿਬੰਧ ਦਾ ਵਿਸ਼ਾ ਇੱਕ ਹੀ ਹੋ ਸਕਦਾ ਹੈ ਪਰ ਇਸ ਵਿਸ਼ੇ ਨੂੰ ਪ੍ਰਗਟਾਉਣ ਲਈ ਸਮੱਗਰੀ ਅਰਥਾਤ ਵਸਤੂ ਵੱਖ-ਵੱਖ ਹੋਏਗਾ। ਮਜ਼ਦੂਰ ਦੀ ਹਾਲ ਉੱਤੇ ਨਾਵਲ ਵੀ ਲਿਖਿਆ ਜਾ ਸਕਦਾ ਹੈ, ਕਹਾਣੀ, ਨਾਟਕ ਤੇ ਨਿਬੰਧ ਵੀ। ਪਰ ਜਿਥੇ ਨਾਵਲ ਵਿੱਚ ਮਜ਼ਦੂਰ ਦੇ ਸਮੁੱਚੇ ਜੀਵਣ ਦਾ ਸਾਂਸਕ੍ਰਿਤਕ ਪਿਛੋਕੜ ਤੇ ਉਸ ਦੇ ਆਲੇ-ਦੁਆਲੇ ਦੇ ਪ੍ਰਸੰਗ ਵਿੱਚ ਬਿਆਨ ਜਾਂ ਵਰਣਨ ਹੋਏਗਾ ਉਥੇ ਨਾਟਕ ਵਿੱਚ ਇਸ ਸਭ ਕੁਝ ਦੀ ਉਸਾਰੀ ਮਜ਼ਦੂਰ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਹੋਰ ਪਾਤਰਾਂ ਨਾਲ ਉਸ ਦੇ ਵਾਰਤਾਲਾਪ ਰਾਹੀਂ ਕੀਤੀ ਜਾਏਗੀ ਤੇ ਕਹਾਣੀ ਵਿੱਚ ਉਸ ਦੇ ਜੀਵਣ ਦੇ ਕਿਸੇ ਇੱਕ ਪਹਿਲੂ ਨੂੰ ਮਾਨਸਿਕ-ਸਮਾਜਿਕ ਵਿਸ਼ੇਸ਼ਤਾ ਵਿੱਚ ਪ੍ਰਗਟ ਕੀਤਾ ਜਾਏਗਾ। ਪਰ ਨਿਬੰਧ ਵਿੱਚ ਇਸੇ ਵਿਸ਼ੇ ਬਾਰੇ ਤਰਕ ਪੂਰਨ ਵਿਚਾਰ ਪੇਸ਼ ਕੀਤਾ ਜਾਏਗਾ। ਅਜਿਹਾ ਕਰਨ ਸਮੇਂ ਭਾਵੇਂ ਮਾਨਸਿਕਤਾ ਤੇ ਨਿਜੀ ਪੁੱਠ ਨੂੰ ਛੱਡ ਨਹੀਂ ਦਿੱਤਾ ਜਾਂਦਾ ਪਰ ਮੁੱਖ ਜ਼ੋਰ ਇੱਕ ਸਿਲਸਿਲੇਵਾਰ ਵਿਚਾਰ ਉੱਤੇ ਹੁੰਦਾ ਹੈ। ਇਹੋ ਵਿਸ਼ੇਸ਼ਤਾ ਇਸ ਕਿਸਮ ਦੀ ਰਚਨਾ ਨੂੰ ਨਿਬੰਧ ਬਣਾਉਂਦੀ ਹੈ। ਸ਼ੁਰੂ ਸ਼ੁਰੂ ਵਿੱਚ ਖਾਸ ਕਰਕੇ ਯੂਰਪ ਵਿੱਚ ਜਦੋਂ ਨਿਬੰਧ (ਲੇਖ) ਨਾਂ ਦੀ ਵੰਨਗੀ ਹੋਂਦ ਵਿੱਚ ਆਈ ਸੀ ਤਾਂ ਨਿਬੰਧ ਉਸੇ ਰਚਨਾ ਨੂੰ ਕਿਹਾ ਜਾਂਦਾ ਸੀ ਜਿਸ ਵਿੱਚ ਨਿਜੀ ਰੰਗਣ ਵਧੇਰੇ ਹੁੰਦੀ ਸੀ ਪਰ ਅੱਜ ਕਲ ਵਸਤੂ ਦੇ ਪੱਖੋਂ ਨਿਬੰਧ ਦੀ ਮੁੱਖ ਵਿਸ਼ੇਸ਼ਤਾ ਉਸ ਦਾ ਵਿਚਾਰ ਪ੍ਰਧਾਨ ਹੋਣਾ ਹੀ ਮੰਨਿਆ ਜਾਂਦਾ ਹੈ। ਨਿਜੀ-ਰੰਗ ਦੂਜੀ ਥਾਂ ਤੇ ਚਲਾ ਗਿਆ ਹੈ।

ਸ਼ੈਲੀ – ਸ਼ੈਲੀ ਮੁੱਖ ਤੌਰ ਤੇ ਨਿਜੀ ਬਿਆਨ-ਢੰਗ ਨੂੰ ਹੀ ਕਿਹਾ ਜਾਂਦਾ ਹੈ ਭਾਵ ਵੱਖ-ਵੱਖ ਸਾਹਿਤਕ ਵੰਨਗੀਆਂ ਅਨੁਸਾਰ ਬਿਆਨ-ਢੰਗ ਵੀ ਵੱਖ-ਵੱਖ ਹੁੰਦੇ ਹਨ ਪਰ ਨਿਜੀ ਗੁਣ ਸਭਨਾ ਥਾਂਵਾਂ ਤੇ ਨਿਜੀ ਹੀ ਰਹਿੰਦਾ ਹੈ। ਮਿਸਾਲ ਵਜੋਂ ਨਾਵਲ, ਨਾਟਕ, ਕਹਾਣੀ, ਵਾਰਤਕ ਆਦਿ ਦੀ ਇੱਕ ਬਾਹਰੀ ਹੋਂਦ ਹੈ। ਬਾਹਰੀ ਹੋਂਦ ਤੋਂ ਭਾਵ ਇਹਨਾਂ ਵੰਨਗੀਆਂ ਦੀ ਬਣਤਰ, ਇਹਨਾਂ ਦਾ ਸੇਜ਼ਮ, ਘਟਨਾਵਾਂ ਜਾਂ ਵਿਚਾਰਾਂ ਦੀ ਵੱਖੋ-ਵੱਖਰੀ ਤਰਤੀਬ ਹੈ। ਇਹੋ ਸਭ-ਕੁਝ ਇੱਕ ਵੰਨਗੀ ਨੂੰ ਦੂਜੀ ਵੰਨਗੀ ਤੋਂ ਵਖਰਿਆਉਂਦਾ ਹੈ। ਇਸੇ ਕਰਕੇ ਹੀ ਸਭ ਤਰ੍ਹਾਂ ਦੇ ਨਾਵਲ ਚਾਹੇ ਉਹ ਕਿਸੇ ਵੀ ਸ਼ੈਲੀ ਵਿੱਚ ਲਿਖੇ ਹੋਣ, ਨਾਵਲ ਹੀ ਅਖਵਾਉਂਦੇ ਹਨ ਤੇ ਇਸੇ ਤਰ੍ਹਾਂ ਬਾਕੀ ਸਾਹਿਤਕ ਵੰਨਗੀਆਂ। ਇਹੋ ਤੱਤ ਵਾਰਤਕ ਉੱਤੇ ਵੀ ਲਾਗੂ ਹੁੰਦਾ ਹੈ। ਉੱਪਰ ਕਈ ਤਰ੍ਹਾਂ ਦੀ ਵਾਰਤਕ ਦਾ ਜ਼ਿਕਰ ਕੀਤਾ ਗਿਆ ਹੈ – ਨਿਬੰਧ ਦੀ ਵਾਰਤਕ, ਜੀਵਣੀ ਦੀ ਵਾਰਤਕ, ਸਫ਼ਰਨਾਮੇ ਦੀ ਵਾਰਤਕ, ਰੇਖਾ-ਚਿੱਤਰ ਦੀ ਵਾਰਤਕ, ਡਾਇਰੀ ਦੀ ਵਾਰਤਕ ਜਾਂ ਰਿਪੋਰਤਾਜ ਦੀ ਵਾਰਤਕ, ਪਰ ਇਹ ਸਾਰੇ ਵਾਰਤਕ ਰੂਪ ਇੱਕੋ ਜਿਹੇ ਨਹੀਂ ਹੁੰਦੇ। ਕੋਈ ਵਾਰਤਕ ਲੇਖਕ ਨਾ ਕੇਵਲ ਵਿਚਾਰ ਵਿਚਲੀ ਤਰਕ ਨੂੰ ਹੀ ਪਹਿਲ ਦਿੰਦਾ ਹੈ ਸਗੋਂ ਉਹ ਬੋਲੀ ਵਿਚਲੇ ਤਰਕ ਨੂੰ ਵੀ ਮੁੱਖ ਰੱਖਦਾ ਹੈ। ਅਜਿਹੇ ਵਾਰਤਾਕਾਰ ਦੀ ਰਚਨਾ ਵਿੱਚ ਵਿਆਕਰਣ ਦੇ ਪੱਖੋਂ ਕੋਈ ਫਿਕਰਾ ਬੇ-ਤਰਤੀਬਾ ਨਹੀਂ ਹੁੰਦਾ, ਸ਼ਬਦਾਂ ਦੀ ਠੀਕ ਵਰਤੋਂ ਹੁੰਦੀ ਹੈ। ਆਮ ਤੌਰ ਤੇ ਵਿਗਿਆਨ ਦੇ ਵਿਸ਼ਿਆਂ ਬਾਰੇ ਲਿਖੀ ਵਾਰਤਕ ਇਸ ਲੜੀ ਵਿੱਚ ਆਉਂਦੀ ਹੈ। ਪਰ ਕਈ ਵਾਰਤਕ ਲਿਖਣ ਵਾਲੇ (ਆਮ ਤੌਰ ਤੇ ਅਜਿਹਾ ਲਿਖਣ ਵਾਲਿਆਂ ਦੀ ਗਿਣਤੀ ਹੀ ਸਭ ਤੋਂ ਵੱਧ ਹੈ) ਵਾਰਤਕ-ਰਚਨਾ ਕਰਨ ਸਮੇਂ ਕਲਪਨਾ, ਗਲਪ ਜਾਂ ਵਾਰਤਾਲਾਪਾਂ ਦਾ ਸਹਾਰਾ ਵੀ ਲੈਂਦੇ ਹਨ। ਇਸੇ ਕਾਰਨ ਵਾਰਤਕ ਵਿੱਚ ਵੰਨਗੀ ਦਾ ਗੁਣ ਆ ਜਾਂਦਾ ਹੈ ਤੇ ਸ਼ਾਇਦ ਇਸੇ ਕਰਕੇ ਕੁਝ ਵਿਦਵਾਨਾਂ  ਨੇ ਨਾਵਲ, ਨਾਟਕ ਤੇ ਕਹਾਣੀ ਨੂੰ ਵੀ ਵਾਰਤਕ ਹੀ ਮੰਨਿਆ ਹੈ। ਅਸਲ ਵਿੱਚ ਉਪਰੋਕਤ ਸਾਹਿਤ-ਰੂਪਾਂ ਦਾ ਭਾਸ਼ਾ ਮਾਧਿਅਮ ਵਾਰਤਕ ਹੈ। ਉਂਝ ਇਹਨਾਂ ਰੂਪਾਂ ਦੀ ਇੱਕ ਸੁਤੰਤਰ ਸਾਹਿਤਕ ਹੋਂਦ ਹੈ। ਇਹਨਾਂ ਹੋਰ ਸਾਹਿਤਕ ਵੰਨਗੀਆਂ ਨੂੰ ਸਹਾਇਕ ਰੂਪ ਵਿੱਚ ਵਰਤ ਕੇ ਵਾਰਤਕ ਲਿਖਣ ਵਾਲਿਆਂ ਨੇ ਹੀ ਵਾਰਤਕ ਵਿੱਚ ਵੱਖ-ਵੱਖ ਕਿਸਮ ਦੀ ਸ਼ੈਲੀ ਨੂੰ ਜਨਮ ਦਿੱਤਾ ਹੈ। ਪਰ ਇਸ ਤੋਂ ਇਲਾਵਾ ਸ਼ੈਲੀਆਂ ਦੇ ਵਖਰੇਵੇਂ ਦਾ ਇੱਕ ਹੋਰ ਕਾਰਨ ਲੇਖਕ ਦੀ ਆਪਣੀ ਮਾਨਸਿਕਤਾ ਵੀ ਹੈ। ਅਰਥਾਤ ਲੇਖਕ ਇੱਕੋ ਹੀ ਵਾਰਤਕ-ਰਚਨਾ ਵਿੱਚ ਖਾਸ ਕਿਸਮ ਦੇ ਸ਼ਬਦਾਂ ਜਾਂ ਵਾਕੰਸ਼ਾਂ ਦਾ ਦੂਹਰਾ ਜਾਂ ਵਰਤੋਂ ਕਰਦਾ ਹੈ; ਇੱਕੋ ਹੀ ਸ਼ਬਦ ਨੂੰ ਉਸ ਦੇ ਅਰਥਾਂ ਦੇ ਵਿਸਥਾਰ ਮੁਤਾਬਕ ਵਰਤਦਾ ਹੈ; ਵਾਕ ਲੰਮੇ ਛੋਟੇ ਬਣਾਉਂਦਾ ਹੈ; ਗੱਲ ਨੂੰ ਸਿੱਧੇ ਜਾਂ ਲੁਕਵੇਂ ਢੰਗ ਨਾਲ ਅਰਥਾਤ ਬਿੰਬਾਂ ਅਲੰਕਾਰਾਂ ਰਾਹੀਂ ਕਹਿੰਦਾ ਹੈ। ਇੰਞ ਹੀ ਵੱਖ-ਵੱਖ ਲੇਖਕਾਂ ਦਾ ਆਪਣਾ ਆਪਣਾ ਲਿਖਣ ਦਾ ਢੰਗ ਹੈ। ਇਹੋ ਲਿਖਣ-ਢੰਗ ਸ਼ੈਲੀ ਅਖਵਾਉਂਦਾ ਹੈ। ਵਿਦਿਆਰਥੀ ਇਸੇ ਪੁਸਤਕ ਵਿੱਚ ਵੱਖ-ਵੱਖ ਕਿਸਮ ਦੀ ਵਾਰਤਕ ਸ਼ੈਲੀ ਨੂੰ ਪਛਾਣ ਸਕਣਗੇ।

ਮਨੋਰਥ – ਹਰ ਸਾਹਿਤ ਦੀ ਰਚਨਾ ਦਾ ਕੋਈ ਮਨੋਰਥ ਹੁੰਦਾ ਹੈ। ਕਹੀਆਂ ਜਾਂਦੀਆਂ ਨਿਰਾਰਥਕ ਜਾਂ ਮੰਤਵਹੀਣ ਰਚਨਾਵਾਂ ਦਾ ਵੀ ਕੋਈ ਮੰਤਵ ਹੁੰਦਾ ਹੈ। ਹੋਰ ਤਾਂ ਹੋਰ ਜੋ ਉਹ ਪਾਠਕ ਨੂੰ ਕੋਈ ਸੇਧ ਜਾਂ ਅਗਵਾਈ ਨਹੀਂ ਦਿੰਦੀਆਂ ਤਾਂ ਉਸ ਨੂੰ ਕਿਸੇ ਸੇਧ ਵਿੱਚ ਜਾਣ ਜਾਂ ਉਸਾਰੂ ਪ੍ਰੇਰਨਾ ਗ੍ਰਹਿਣ ਕਰਨ ਵਿੱਚ ਰੋਕ ਜ਼ਰੂਰ ਬਣਦੀਆਂ ਹਨ। ਇੰਞ ਇਹ ਵੀ ਕੋਈ ਮਨੋਰਥ ਹੀ ਹੁੰਦਾ ਹੈ। ਸੰਸਾਰ ਵਿੱਚ ਦਿਮਾਗੀ-ਅਯਾਸ਼ੀ ਜਾਂ ਕਾਮ-ਰੁਚੀਆਂ ਨੂੰ ਉਕਸਾਉਣ ਵਾਲਾ ਤੇ ਜਾਸੂਸੀ ਕਿਸਮ ਦਾ ਸਾਹਿਤ ਜਨਤਾ ਨੂੰ ਕੁਰਾਹੇ ਪਾਉਂਦਾ ਹੈ। ਇਸ ਪਿੱਛੇ ਵੀ ਇੱਕ ਸੋਚੀ ਸਮਝੀ ਚਾਲ (ਕਿਸੇ ਇੱਕ ਸ਼੍ਰੇਣੀ ਦੀ) ਕੰਮ ਕਰ ਰਹੀ ਹੁੰਦੀ ਹੈ। ਇੰਞ ਅਜਿਹੇ ਸਾਹਿਤ ਦਾ ਮੰਤਵ ਚੰਗੇ ਭਲੇ ਮਨੁੱਖ ਨੂੰ ਕੁਰਾਹੇ ਪਾਉਣ ਦਾ ਹੋਇਆ।

ਹੋਰ ਸਾਹਿਤਕ ਵੰਨਗੀਆਂ ਵਾਂਗ ਵਾਰਤਕ ਦਾ ਵੀ ਇੱਕ ਮਨੋਰਥ ਹੈ। ਫ਼ਰਕ ਕੇਵਲ ਇੰਨਾ ਹੈ ਕਿ ਰਚਨਾ ਦੇ ਆਪਣੇ ਸੰਜਮ ਤੇ ਬਣਤਰ ਅਨੁਸਾਰ ਇਸ ਮਨੋਰਥ ਨੂੰ ਪ੍ਰਗਟ ਕਿਵੇਂ ਕੀਤਾ ਜਾਂਦਾ ਹੈ। ਜਿਥੇ ਨਾਵਲ, ਨਾਟਕ ਜਾਂ ਕਹਾਣੀ ਵਿੱਚ ਘਟਨਾ ਜਾਂ ਸਮੁੱਚੇ ਵਸਤੂ ਨੂੰ ਇੰਞ ਉਸਾਰਿਆ ਜਾਂਦਾ ਹੈ ਕਿ ਉਸ ਵਿੱਚ ਪ੍ਰਗਟ ਕੀਤਾ ਜਾਣ ਵਾਲਾ ਮਨੋਰਥ ਸਿੱਧਾ ਪ੍ਰਗਟ ਨਹੀਂ ਹੁੰਦਾ ਸਗੋਂ ਪਾਠਕ ਖ਼ੁਦ ਉਸ ਤਾਣੇ-ਬਾਣੇ ਦਾ ਭਾਗ ਬਣ ਕੇ ਪੇਸ਼ ਕੀਤੇ ਗਏ ਵਸਤੂ ਵਿੱਚੋਂ ਅਸਲੀ ਮਨੋਰਥ ਲੱਭਦਾ ਹੈ ਉਥੇ ਵਾਰਤਕ-ਰਚਨਾ ਵਿੱਚ ਇਹ ਮਨੋਰਥ ਸਪਸ਼ਟ ਹੁੰਦਾ ਹੈ ਤੇ ਇਸ ਦੀ ਉਸਾਰੀ ਵਿਰੋਧੀ ਤੇ ਸਮਰਥਕ ਵਿਚਾਰਾਂ ਦੀ ਸਿਲਸਿਲੇ ਵਾਰ ਪਰਸਪਰ ਟੱਕਰ ਰਾਹੀਂ ਕੀਤੀ ਜਾਂਦੀ ਹੈ। ਇੰਞ ਪਾਠਕ ਕਿਸੇ ਤੱਥ ਦੇ ਦੋਵੇਂ – ਹਾਂ-ਪੱਖੀ ਤੇ ਨਾਂਹ-ਪੱਖੀ – ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੋਇਆ ਤੇ ਉਹਨਾਂ ਤੱਥਾਂ ਨੂੰ ਸਵੀਕਾਰਦਾ ਜਾਂ ਨਕਾਰਦਾ ਹੋਇਆ ਕੋਈ ਅੰਤਮ ਰਾਇ ਬਣਾਉਣ ਦੇ ਕਾਬਲ ਹੁੰਦਾ ਹੈ। ਸ਼ਾਇਦ ਇਸੇ ਕਰਕੇ ਵਾਰਤਕ ਵਿੱਚ ਭਾਵੁਕਤਾ ਨੂੰ ਕੋਈ ਬਹੁਤੀ ਥਾਂ ਨਹੀਂ ਕਿਉਂ ਜੁ ਭਾਵੁਕਤਾ ਵੱਸ ਹੋ ਕੇ ਪਾਠਕ ਇੱਕ-ਪਾਸੜ ਰਵੱਈਆ ਅਖਤਿਆਰ ਕਰ ਸਕਦਾ ਹੈ ਤੇ ਵਾਰਤਕ ਦਾ ਮਨੋਰਥ ਪਾਠਕ ਨੂੰ ਜੀਵਣ ਬਾਰੇ ਇੱਕ ਸੰਤੁਲਿਤ ਰਵੱਈਆ ਅਪਣਾਉਣ ਵੱਲ ਪ੍ਰੇਰਿਤ ਕਰਨਾ ਹੁੰਦਾ ਹੈ।

ਚੰਗੀ ਵਾਰਤਕ ਕਿਹੜੀ ਹੁੰਦੀ ਹੈ
ਉਪਰੋਕਤ ਤੱਤਾਂ ਤੋਂ ਹੀ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਚੰਗੀ ਵਾਰਤਕ ਕਿਹੜੀ ਹੁੰਦੀ ਹੈ। ਉੱਪਰ ਦਿੱਤੇ ਤੱਤਾਂ ਦੇ ਬਾਵਜੂਦ ਵੀ ਕੋਈ ਰਚਨਾ ਚੰਗੀ ਜਾਂ ਮਾੜੀ ਹੋ ਸਕਦੀ ਹੈ। ਪਰ ਫੇਰ ਵੀ ਇਹ ਜ਼ਰੂਰ ਸੋਚਿਆ ਜਾ ਸਕਦਾ ਹੈ ਕਿ ਇੱਕ ਚੰਗੀ ਵਾਰਤਕ ਦੇ ਕੀ ਗੁਣ ਹੁੰਦੇ ਹਨ। ਮਿਸਾਲ ਵਜੋਂ ਉਹ ਵਾਰਤਕ ਚੰਗੀ ਹੁੰਦੀ ਹੈ ਜਿਸ ਵਿੱਚ

ੳ) ਵਿਸ਼ੇ ਦੇ ਅਨੁਕੂਲ ਵਸਤੂ ਉਸਾਰਿਆ ਗਿਆ ਹੋਵੇ।
ਅ) ਵਸਤੂ ਦੀ ਸਾਰੀ ਸਮੱਗਰੀ ਵਿਚਲੇ ਤੱਥ, ਘਣਤਾਵਾਂ ਦੀ ਲੜੀ ਇੱਕ ਸਿਲਸਿਲੇ ਵਿੱਚ ਬੰਨ੍ਹੀ ਹੋਈ ਹੋਵੇ।
ੲ) ਉਪਰੋਕਤ ਦੋਹਾਂ ਗੁਣਾਂ ਦੇ ਅਨੁਕੂਲ ਵਰਤੀ ਗਈ ਬੋਲੀ ਸਪਸ਼ਟ ਹੋਵੇ।
ਸ) ਰਚਨਾ ਵਿੱਚ ਵਰਤੀ ਗਈ ਭਾਸ਼ਾ ਵਿਆਕਰਣਿਕ ਪੱਖੋਂ ਠੀਕ ਹੋਵੇ। ਵਿਆਕਰਣਿਕ ਪੱਖੋਂ ਸ਼ੁੱਧ ਭਾਸ਼ਾ ਦਾ ਅਰਥ ਕਿਸੇ ਕ੍ਰਮ-ਬਧ – ਅਰਥਾਤ ਪੰਜਾਬੀ ਦੇ ਸਬੰਧ ਵਿੱਚ ਕਰਤਾ, ਕਰਮ, ਕਿਰਿਆ ਦੀ ਬਾਤਰਤੀਬ ਵਰਤੋਂ ਤੋਂ ਨਹੀਂ ਸਗੋਂ ਜੇ ਕੋਈ ਸਥਾਨਕ-ਰੰਗਣ ਦੀ ਵਰਤੋਂ ਹੁੰਦੀ ਹੈ ਤਾਂ ਵਾਰਤਕ ਵਿੱਚ ਉਸੇ ਸਥਾਨਕ-ਰੰਗਣ ਨੂੰ (ਜਿਵੇਂ ਉਸ ਸਥਾਨ ਦੇ ਲੋਕ ਬੋਲਦੇ ਹਨ) ਉਸੇ ਅਨੁਕੂਲ ਪ੍ਰਗਟ ਕੀਤਾ ਗਿਆ ਹੋਵੇ।
ਹ) ਵੱਡੇ-ਵੱਡੇ ਜਾਂ ਔਖੇ ਲਫ਼ਜ਼ ਕਿਸੇ ਵਾਰਤਕ-ਰਚਨਾ ਦਾ ਗੁਣ ਨਹੀਂ, ਔਗੁਣ ਹੁੰਦੇ ਹਨ। ਸੰਸਾਰ ਦੀ ਕੋਈ ਭਾਸ਼ਾ ਅਜਿਹੀ ਨਹੀਂ ਜਿਸ ਵਿੱਚ ਸਧਾਰਨ ਤੋਂ ਸਧਾਰਨ ਢੰਗ ਨਾਲ ਕੋਈ ਗੱਲ, ਵਿਚਾਰ, ਜਾਂ ਚਿੰਤਨ ਨਾ ਪ੍ਰਗਟ ਕੀਤਾ ਜਾ ਸਕੇ। ਗੁੰਝਲਦਾਰ ਵਾਕ-ਬਣਤਰ ਜਾਂ ਔਖੀ ਸ਼ਬਦਾਵਲੀ ਅਸਲ ਵਿੱਚ ਲਿਖਣ ਵਾਲੇ ਦੀ ਆਪਣੀ ਮਾਨਸਿਕਤਾ ਨੂੰ ਪ੍ਰਗਟ ਕਰਦੀ ਹੈ। ਅਸਲ ਵਿੱਚ ਕੋਈ ਰਚਨਾ ਉਦੋਂ ਹੀ ਗੁੰਝਲਦਾਰ ਤੇ ਅਸਪੱਸ਼ਟ ਹੁੰਦੀ ਹੈ, ਜਦੋਂ ਰਚਨਾ ਕਰਨ ਵਾਲੇ ਦਾ ਆਪਣਾ ਮਨ ਉਸ ਬਾਰੇ ਸਪਸ਼ਟ ਨਾ ਹੋਵੇ। ਕੋਈ ਵਿਚਾਰ ਜਾਂ ਸੰਕਲਪ ਬੋਲੀ ਤੋਂ ਬਿਨਾਂ ਤਾਂ ਸੋਚਿਆ ਹੀ ਨਹੀਂ ਜਾ ਸਕਦਾ। ਇਸੇ ਲਈ ਜਿਹੋ ਜਿਹਾ ਸਪਸ਼ਟ ਵਿਚਾਰ ਲੇਖਕ ਦੇ ਜ਼ਿਹਨ ਵਿੱਚ ਹੋਵੇਗਾ, ਉਸ ਦਾ ਉਹੋ ਜਿਹਾ ਭਾਸ਼ਾ ਰੂਪ ਪ੍ਰਗਟ ਹੋਏਗਾ।

ਮੋਟੇ ਤੌਰ ਤੇ ਇਹੋ ਗੁਣ ਇੱਕ ਚੰਗੀ ਵਾਰਤਕ ਦੀ ਕਸਵੱਟੀ ਹੁੰਦੇ ਹਨ।

ਪੰਜਾਬੀ ਵਿੱਚ ਵਾਰਤਕ
ਪੰਜਾਬੀ ਕਵਿਤਾ ਵਾਂਗ ਪੰਜਾਬੀ ਵਾਰਤਕ ਦਾ ਇਤਿਹਾਸ ਬੜਾ ਪੁਰਾਣਾ ਹੈ। ਲਿਖਤੀ ਰੂਪ ਵਿੱਚ ਵਾਰਤਕ ਗੁਰੂ-ਕਾਲ ਵਿੱਚ ਲਿਖੀ ਜਾਣੀ ਸ਼ੁਰੂ ਹੋ ਗਈ ਸੀ। ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਤੋਂ ਲੈ ਕੇ ਉੱਨ੍ਹੀਵੀਂ ਸਦੀ ਦੇ ਅੱਧ ਤੱਕ ਦੇ ਸਮੇਂ ਵਿੱਚ ਜਿਹੜੀ ਵਾਰਤਕ-ਕਿਰਤ ਪੁਰਾਤਨ ਜਨਮ ਸਾਖੀ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਣ ਬਾਰੇ ਹੈ। ਇਸ ਪੁਸਤਕ ਵਿੱਚ ਸੰਸਕ੍ਰਿਤ ਤੇ ਫ਼ਾਰਸੀ ਦੀ ਪੁਰਾਤਨ ਵਾਰਤਕ ਵਾਂਗ ਕਹਾਣੀਆਂ, ਗੋਸ਼ਟਾਂ, ਵਿਆਖਿਆਵਾਂ ਤੇ ਕਲਪਿਤ ਦ੍ਰਿਸ਼ਾਂ ਦੇ ਵਰਣਨ ਦੇ ਸਭ ਰੰਗ ਮਿਲਦੇ ਹਨ। ਮੋਟੇ ਤੌਰ ਤੇ ਇਸ ਕਾਲ ਦੀ ਵਾਰਤਕ ਵਿੱਚ ਜਨਮ ਸਾਖੀਆਂ, ਬਚਨ ਪਰਚੀਆਂ ਆਦਿ ਵਾਰਤਕ ਰੂਪ ਮਿਲਦੇ ਹਨ। ਉੱਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਗੁਰਬਾਣੀ ਦੇ ਕੁਝ ਭਾਗਾਂ ਦੇ ਟੀਕੇ ਵੀ ਵਾਰਤਕ ਵਿੱਚ ਕੀਤੇ ਗਏ ਤੇ ਫ਼ਾਰਸੀ ਤੇ ਅੰਗਰੇਜ਼ੀ ਵਿੱਚੋਂ ਕੁਝ ਰਚਨਾਵਾਂ ਦੇ ਅਨੁਵਾਦ ਵੀ ਪੰਜਾਬੀ ਵਾਰਤਕ ਵਿੱਚ ਕੀਤੇ ਗਏ। ਮਿਸਾਲ ਵਜੋਂ ‘ਅੰਜੀਲ’ ਦੇ ਇੱਕ ਭਾਗ ਦਾ ਅਨੁਵਾਦ 1815 ਵਿੱਚ ਹੋ ਚੁੱਕਾ ਸੀ ਤੇ ਇਸੇ ਤਰ੍ਹਾਂ ‘ਅਦਲੇ ਅਕਬਰੀ’ ਤੇ ‘ਅਕਬਰਨਾਮਾ’ ਆਦਿ ਫ਼ਾਰਸੀ ਪੁਸਤਕਾਂ ਦੇ ਕੁਝ ਭਾਗਾਂ ਦਾ ਅਨੁਵਾਦ ਵੀ ਇਸੇ ਸਮੇਂ ਹੋ ਗਿਆ ਸੀ।

ਉੱਨ੍ਹੀਵੀਂ ਸਦੀ ਦੇ ਦੂਜੇ ਅੱਧ ਤੇ ਵੀਹਵੀਂ ਸਦੀ ਦੇ ਪਹਿਲੇ ਦੋ-ਤਿੰਨ ਦਹਾਕਿਆਂ ਵਿੱਚ ਢੇਰ ਸਾਰੀ ਵਾਰਤਕ-ਰਚਨਾ ਹੋਈ। ਇਸ ਕਾਲ ਦੀ ਵਾਰਤਕ ਵਿੱਚ ਗੁਰਬਾਣੀ ਦੇ ਟੀਕਿਆਂ ਜਾਂ ਸਿੱਖ ਧਰਮ ਨਾਲ ਸਬੰਧਿਤ ਰਚਨਾਵਾਂ ਦੀ ਪ੍ਰਧਾਨਤਾ ਹੈ। ਗਿਆਨੀ ਗਿਆਨ ਸਿੰਘ, ਭਾਈ ਦਿੱਤ ਸਿੰਘ ਆਦਿ ਨੇ ਸਿੱਖ ਅਸੂਲਾਂ ਦਾ ਪ੍ਰਸਾਰ ਤੇ ਵਿਆਖਿਆ ਕਰਨ ਦੇ ਨਾਲ ਨਾਲ ਸਿੱਖ ਧਰਮ ਤੇ ਖਾਸ ਕਰਕੇ ਖਾਲਸਾ ਪੰਥ ਦਾ ਇਤਿਹਾਸ ਲਿਖਿਆ। ਇਹਨਾਂ ਦੀ ਬੋਲੀ ਉੱਤੇ ਪੁਰਾਤਨ ਪੰਜਾਬੀ ਤੇ ਬ੍ਰਿਜ ਭਾਸ਼ਾ ਦਾ ਖਾਸ ਅਸਰ ਹੈ। ਇਸ ਵੇਲੇ ਤੱਕ ਅੰਗਰੇਜ਼ ਪੰਜਾਬ ਉੱਤੇ ਆਪਣਾ ਰਾਜ ਪੂਰੀ ਤਰ੍ਹਾਂ ਕਾਇਮ ਕਰ ਚੁੱਕੇ ਸਨ ਤੇ ਉਹਨਾਂ ਨੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਪੱਕੀਆਂ ਕਰਨ ਲਈ ਪੰਜਾਬੀ ਸੰਸਕ੍ਰਿਤ ਵਿੱਚ ਘੁਸਪੈਠ ਕਰਨੀ ਅਰੰਭ ਕਰ ਦਿੱਤੀ ਸੀ। ਉਹਨਾਂ ਨੇ ਅੰਗਰੇਜ਼ੀ ਦੀ ਤਾਲੀਮ ਦੇਣ ਵਾਸਤੇ ਕਈ ਸਕੂਲ ਖੋਲ੍ਹੇ ਤੇ ਈਸਾਈ ਮਿਸ਼ਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਾਈਬਲ ਦੇ ਅਨੁਵਾਦ ਪੰਜਾਬੀ ਵਿੱਚ ਕਰਵਾਏ। ਈਸਾਈ ਮਿਸ਼ਨ ਦੇ ਪ੍ਰਭਾਵ ਨੂੰ ਰੋਕਣ ਲਈ ਹੀ ਪੰਜਾਬੀਆਂ ਨੇ ਜਿਥੇ ਰਾਜਨੀਤਿਕ ਪੱਧਰ ਉੱਤੇ ਮਾੜੇ-ਮੋਟੇ ਉੱਦਮ ਕਰਨ ਦੇ ਜਤਨ ਅਰੰਭੇ ਉਥੇ ਆਪਣੇ ਵਿਰਸੇ ਨੂੰ ਫਰੋਲਿਆ ਤੇ ਸਿੱਟੇ ਵਜੋਂ ਸਿੱਖੀ-ਅਸੂਲਾਂ ਅਤੇ ਗੁਰਬਾਣੀ ਨਾਲ ਸਬੰਧਿਤ ਬਹੁਤ ਸਾਰਾ ਸਾਹਿਤ ਰਚਿਆ। ਇਹ ਜਤਨ ਭਾਈ ਵੀਰ ਸਿੰਘ ਤੱਕ ਜਾਰੀ ਰਿਹਾ। ਇਸ ਦੇ ਨਾਲ ਹੀ ਅੰਗਰੇਜ਼ੀ ਵਿੱਚ ਵਿਕਾਸ ਕਰ ਚੁੱਕੀ ਵਾਰਤਕ ਦੇ ਸੁਤੰਤਰ ਅਨੁਵਾਦ ਵੀ ਕੀਤੇ ਗਏ ਜਿਨ੍ਹਾਂ ਵਿੱਚੋਂ ਭਾਈ ਮੋਹਨ ਸਿੰਘ ਵੈਦ ਦੁਆਰਾ ਕੀਤਾ ‘ਬੇਕਨ’ ਦੇ ਨਿਬੰਧਾਂ ਦਾ ਅਨੁਵਾਦ ਵਰਣਨਯੋਗ ਹੈ। ਇਸ ਸਮੇਂ ‘ਐਮਰਸਨ’ ਦੇ ਨਿਬੰਧਾਂ ਦਾ ਅਨੁਵਾਦ ਵੀ ਹੋਇਆ ਤੇ ਕੁਝ ਅਨੁਵਾਦ ਉਰਦੂ ਨਿਬੰਧਾਂ ਦੇ ਵੀ ਕੀਤੇ ਗਏ।

ਇਸ ਕਾਲ ਵਿੱਚ ਭਾਈ ਮੋਹਨ ਸਿੰਘ ਵੈਦ ਤੋਂ ਇਲਾਵਾ ਜੱਗੀ ਸ਼ਿਵ ਨਾਥ, ਭਾਈ ਬਿਸ਼ਨ ਦਾਸ ਪੁਰੀ ਤੇ ਜੀ.ਬੀ.ਸਿੰਘ ਦੇ ਨਾਂ ਵਿਸ਼ੇਸ਼ ਤੌਰ ਤੇ ਲਏ ਜਾ ਸਕਦੇ ਹਨ।

ਇੰਞ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਹੀ ਅੰਗਰੇਜ਼ੀ ਵਾਰਤਕ ਦਾ ਵਿਕਾਸ ਕਰ ਚੁੱਕਾ ਨਿਬੰਧ-ਰੂਪ ਪੰਜਾਬੀ ਵਿੱਚ ਵੀ ਆਪਣਾ ਲਿਆ ਗਿਆ।

ਮੁੱਢ ਵਿੱਚ ਪੰਡਤ ਸ਼ਰਧਾ ਰਾਮ ਫਿਲੌਰੀ, ਭਾਈ ਵੀਰ ਸਿੰਘ, ਡਾ. ਬਲਬੀਰ ਸਿੰਘ, ਡਾ. ਸ਼ੇਰ ਸਿੰਘ ਤੇ ਸਰਦੂਲ ਸਿੰਘ ਕਵੀਸ਼ਰ ਆਦਿ ਨੇ ਪੰਜਾਬੀ ਵਾਰਤਕ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਇਆ।

ਇਸ ਪਿੱਛੋਂ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਉਹ ਲੇਖਕ ਆਏ ਜੋ ਕਾਫ਼ੀ ਪੜ੍ਹੇ ਲਿਖੇ ਸਨ ਤੇ ਜਿਨ੍ਹਾਂ ਨੇ ਅੰਗਰੇਜ਼ੀ ਤੋਂ ਇਲਾਵਾ ਹੋਰਨਾ ਜ਼ਬਾਨਾਂ ਦਾ ਵੀ ਕਾਫ਼ੀ ਸਾਹਿਤ ਪੜ੍ਹਿਆ ਹੋਇਆ ਸੀ। ਅਜਿਹੇ ਲੇਖਕਾਂ ਵਿੱਚ ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਲਾਲ ਸਿੰਘ ਕਮਲਾ ਅਕਾਲੀ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਡਾ, ਮੋਹਨ ਸਿੰਘ, ਸ. ਕਪੂਰ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਸ. ਸੂਬਾ ਸਿੰਘ ਤੇ ਹੋਰ ਬਹੁਤ ਸਾਰੇ ਲੇਖਕ ਆ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤੇ ਲੇਖਕਾਂ ਨੇ ਨਾ ਕੇਵਲ ਬਾਹਰਲੇ ਦੇਸ਼ਾਂ ਦਾ ਸਾਹਿਤ ਹੀ ਪੜ੍ਹਿਆ ਸੀ ਸਗੋਂ ਇਹ ਖ਼ੁਦ ਵੀ ਬਾਹਰਲੇ ਦੇਸ਼ਾਂ ਵਿੱਚ ਘੁੰਮੇ-ਫਿਰੇ ਸਨ। ਇਹੋ ਕਾਰਨ ਹੈ ਕਿ ਇਹਨਾਂ ਦੀ ਵਾਰਤਕ ਅਨੁਭਵ ਤੇ ਸ਼ੈਲੀ ਦੇ ਪੱਖੋਂ ਬਹੁਤ ਅਮੀਰ ਹੈ।

ਜਿਸ ਵਾਰਤਕ-ਰੂਪ ਨੂੰ ਅਸੀਂ ਹੁਣ ਸਾਹਿਤਕ-ਹੋਂਦ ਵਜੋਂ ਸਵੀਕਾਰਦੇ ਹਾਂ ਉਸ ਨੂੰ ਇਹ ਹਸਤੀ ਦਿਵਾਉਣ ਵਿੱਚ ਉਪਰੋਕਤ ਸਾਹਿਤਕਾਰਾਂ ਦਾ ਹੀ ਹਿੱਸਾ ਹੈ ਤੇ ਇਸ ਦਾ ਸੁਤੰਤਰ ਮੂੰਹ ਮੁਹਾਂਦਰਾ ਵੀਹਵੀਂ ਸਦੀ ਵਿੱਚ ਹੀ ਬਣਿਆ ਹੈ।

ਇਸ ਵੇਲੇ ਤੱਕ ਪੰਜਾਬੀ ਵਾਰਤਕ ਦੇ ਵਿਭਿੰਨ ਰੂਪ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਹਨ। ਨਾਵਲ, ਨਾਟਕ, ਕਹਾਣੀ ਤੋਂ ਇਲਾਵਾ ਨਿਰੋਲ ਵਾਰਤਕ ਦੀਆਂ ਹੀ ਵਿਭਿੰਨ ਵੰਨਗੀਆਂ ਆਪਣੀ ਨਿਵੇਕਲੀ ਹਸਤੀ ਬਣਾ ਚੁੱਕੀਆਂ ਹਨ। ਵਿਚਾਰਾਤਮਕ, ਅਲੋਚਨਾਤਮਕ ਤੇ ਦਾਰਸ਼ਨਿਕ ਨਿਬੰਧ, ਪ੍ਰਬੰਧ ਗੰਭੀਰ ਤੇ ਹਲਕੇ ਫੁਲਕੇ ਲੇਖ, ਜੀਵਨੀਆਂ, ਸਫ਼ਰਨਾਮੇ, ਯਾਦਾਂ, ਰਿਪੋਰਤਾਜ, ਡਾਇਰੀਆਂ, ਰੇਖਾ-ਚਿੱਤਰ ਤੇ ਹੋਰ ਕਿੰਨੇ ਹੀ ਵਾਰਤਕ ਰੂਪ ਪੰਜਾਬੀ ਵਿੱਚ ਆਪਣੀ ਪਰੰਪਰਾ ਕਾਇਮ ਕਰ ਚੁੱਕੇ ਹਨ।

ਸਾਡੀ ਕੋਸ਼ਿਸ਼ ਹੈ ਕਿ ਪਾਠਕ, ਵੀਰਪੰਜਾਬ ਡਾਟ ਕਾਮ ਤੇ ਉਪਲੱਬਧ ਸਭ ਤਰ੍ਹਾਂ ਦੀਆਂ ਵਾਰਤਕ ਵੰਨਗੀਆਂ ਦਾ ਗਿਆਨ ਇਕੱਤਰ ਕਰ ਕੇ ਆਪਣੇ ਜੀਵਨ ਅੰਦਰ ਸਮਾਜ ਪ੍ਰਤੀ ਉਸਾਰੂ ਕਦਰਾਂ-ਕੀਮਤਾਂ ਦਾ ਵਿਕਾਸ ਕਰੇ।

Loading spinner