ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਿਹਲੀਆਂ ਗੱਲਾਂ
ਪ੍ਰਿੰਸੀਪਲ ਤੇਜਾ ਸਿੰਘ

ਅੱਜਕੱਲ ਦੀ ਜ਼ਿੰਦਗੀ ਇਕ ਹੁਲੜ ਹੈ, ਵਾਵਰੋਲਾ ਹੈ, ਇਸ ਵਿਚ ਵਿਹਲ ਕਿੱਥੇ ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ ? ਫਿਰ ਸਾਰੇ ਸਿਆਣੇ, ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ, ਉਥੇ ਹਰ ਕਥਨ ਦੀ ਵੀ ਗਿਣ ਗਿਣ ਕੇ ਲੇਖਾ ਦੇਣਾ ਪਏਗਾ। ਇਸ ਲਈ ਹਰ ਇਕ ਆਦਮੀ ਨੂੰ ਆਪਣੀ ਜੀਭ ਨੂੰ ਲਗਾਮ ਪਾ ਕੇ ਰੱਖਣਾ ਚਾਹੀਦਾ ਹੈ। ਸਿਰਫ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝੱਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ। “ਚੁੱਪ ਸੁਨਹਿਰੀ ਹੈ ਤੇ ਬੋਲ ਰੁਪਹਿਰੀ”। ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉੱਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ, ਜਿਵੇਂ ਕੋਈ ਆਰਾਮ ਢੂੰਡਣ ਲਈ ਸੌ ਕੋਹ ਪੈਂਡਾ ਮਾਰੇ, ਜਾਂ ਵਰਤ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇਤਨੇ ਗੁਣ ਗਾਏ ਹਨ ਕਿ ਹੁਣ ਹਰ ਇੱਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫ਼ਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸਚਿਤ ਵਜੋਂ ਇੱਕ ਦਿਨ ਮੌਨ ਵਰਤ ਰੱਖਣਾ ਪੈਂਦਾ ਸੀ। ਜਿਤਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ, ਉਤਨਾ ਹੀ ਚੁੱਪ ਤੇ ਖੁਲ੍ਹੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖ਼ਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗੱਲ ਤੋਂ ਕੋਈ ਗਲਤ ਫਾਇਦਾ ਨਾ ਉਠਾ ਲਵੇ। ਨਾਲੇ ਕਈ ਵੱਡੇ ਨਿਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ। ਉਹਨਾਂ ਵਿੱਚ ਕੋਈ ਗੁਣ ਵੱਡਾ ਨਹੀਂ ਹੁੰਦਾ। ਇਸ ਲਈ ਉਹ ਆਪਣਾ ਕੰਮ ਪ੍ਰਾਈਵੇਟ ਸਕੱਤਰ ਰਾਹੀਂ ਟਪਾ ਲੈਂਦੇ ਹਨ, ਅਤੇ ਲੋਕਾਂ ਸਾਹਮਣਿਉਂ ਮੱਥੇ ਤੇ ਘੂਰੀ ਪਾਂਦੇ ਜਾਂ ਮੁੱਛਾਂ ਨੂੰ ਤਾਅ ਦੇਂਦੇ ਲੰਘ ਜਾਂਦੇ ਹਨ। ਫ਼ਾਰਸੀ ਦੇ ਅਖਾਣ ਮੂਜਬ, ਜਦ ਤੋੜੀ ਉਹ ਮੂੰਹ ਖੋਲ ਕੇ ਗੱਲ ਨਹੀਂ ਕਰਦੇ, ਤਦ ਤੋਡ਼ੀ ਉਹਨਾਂ ਦੇ ਗੁਣ-ਔਗਣ ਛੁਪੇ ਰਹਿੰਦੇ ਹਨ।

ਜੇ ਉਹਨਾਂ ਅੰਦਰ ਗੁਣ ਹੋਣ ਵੀ ਤਾਂ ਜ਼ਰੂਰੀ ਨਹੀਂ ਕਿ ਉਹ ਦੱਸ ਸਕਣ ਕਿਉਂਕਿ ਗੱਲ-ਬਾਤ ਕਰਨ ਦਾ ਵੱਲ ਹਰ ਇਕ ਨੂੰ ਨਹੀਂ ਆਉਂਦਾ। ਆਮ ਲੋਕੀਂ ਤਾਂ ਸੰਗਲ ਫੜ ਕੇ ਨਹਾ ਛਡਦੇ ਹਨ। ਖੁੱਲ੍ਹ ਦੀ ਤਾਰੀ ਕੋਈ ਹੀ ਲਾਉਂਦਾ ਹੈ। ਪਰ ਜਦ ਤੱਕ ਕੋਈ ਆਦਮੀ ਖੁੱਲ੍ਹ ਕੇ ਗੱਲ ਨਾ ਕਰੇ ਉਸ ਦੇ ਦਿਲ ਦੀ ਰੌਂ ਪਤਾ ਨਹੀਂ ਲੱਗ ਸਕਦਾ।

ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ। ਲੋਕ ਕਹਿੰਦੇ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ। (ਵਿਆਕਰਣ ਦੇ ਮੁੱਢਲੇ ਭਾਗ ਵਿੱਚ ਇਉਂ ਹੀ ਪੜ੍ਹੀਦਾ ਹੈ) ਪਰ ਅਸਲ ਵਿਚ ਜੋ ਗੱਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅੱਜਕੱਲ ਬੋਲੀ ਬਹੁਤ ਕਰ ਕੇ ਦਿਲ ਦੇ ਭਾਵ ਲੁਕਾਣ ਲਈ ਵਰਤੀ ਜਾਂਦੀ ਹੈ। ਵੱਡਿਆਂ ਦੇ ਚਿਹਰੇ ਨੂੰ ਵੇਖ ਕੇ ਅਨੁਮਾਨ ਲਾਣਾ ਔਖਾ ਹੁੰਦਾ ਹੈ। ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇਕ ਪਰਦਾ, ਜਿਸ ਦੇ ਰੰਗ ਬਿਰੰਗੇ ਚਿੱਤਰਾਂ ਤੋਂ ਅੰਦਰ ਦਾ ਅਸਲ ਹਾਲ ਲੱਭਣਾ ਔਖਾ ਹੁੰਦਾ ਹੈ। ਇਹੋ ਜਿਹੇ ਆਦਮੀ ਦੀ ਹਰ ਗੱਲ, ਹਰ ਹਰਕਤ ਰਸਮੀ ਹੋਵੇਗੀ। ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿਚ ਵੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ ਦੋ-ਚਾਰ ਮਿੱਤਰਾਂ ਨਾਲ ਅੰਦਰਖਾਨੇ ਬਹਿ ਕੇ ਵਿਹਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ। ਉਸ ਵੇਲੇ ਉਸ ਦੇ ਮੂੰਹ ਤੋਂ, ਦਿਲ ਤੋਂ, ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ-ਛਿਣ ਲਈ ਆਪਣੇ ਆਪ ਨੂੰ ਹਊ-ਬਹੂ ਕਰ ਰਿਹਾ ਹੁੰਦਾ ਹੈ।

ਇਸ ਪੈਂਤੜੇ ਤੋਂ ਦੇਖੀਏ ਤਾਂ ਵਿਹਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਿਰੋਲ ਤੇ ਸੱਚ-ਪਰਖਾਊ ਹੁੰਦੀਆਂ ਹਨ, ਕਿਉਂਕਿ ਲੈਕਚਰ, ਕਥਾ ਜਾਂ ਬਹਿਸ ਕਰਨ ਵੇਲੇ ਆਦਮੀ ਇੱਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉੱਤੇ ਪਾ ਲੈਂਦਾ ਹੈ, ਜਿਸ ਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ। ਪਰ ਓਹੀ ਆਦਮੀ ਜਦ ਨਿਵੇਕਲਾ ਬਹਿ ਕੇ ਕਿਸੇ ਨਾਲ ਖੁਲ੍ਹੀਆਂ ਗੱਲਾਂ ਕਰਦਾ ਹੈ ਤਾਂ ਉਸ ਅੰਦਰ ਵਧੇਰੇ ਨਿਖਰ ਕੇ, ਸਭ ਸੁਕੜੇਵੇਂ ਤੇ ਦਿਖਾਵੇ ਦੂਰ ਕਰ ਕੇ ਪ੍ਰਤੱਖ ਹੁੰਦਾ ਹੈ। ਇਸ ਵਿਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ। ਬੋਲੀ ਵੀ ਉਸ ਵੇਲੇ ਸੁਤੰਤਰ, ਨਿਰੋਲ ਅਤੇ ਸਭ ਬਨਾਵਟਾਂ ਤੋਂ ਬਰੀ ਹੁੰਦੀ ਹੈ। ਉਸ ਕਿਸੇ ਉੱਤੇ ਖਾਸ ਅਸਰ ਪਾਣ ਲਈ “ਚਰਨਾਰਬਿੰਦ”, “ਮੁਖਾਰਬਿੰਦ” “ਦੋਹਾਂ ਜਹਾਨਾਂ ਦੇ ਵਾਲੀ”, “ਜਗਤ ਰੱਖਿਅਕ”, ਆਦਿ ਰਸਮੀ, ਇਸਤਲਾਹਾਂ ਵਰਤਣ ਦੇ ਮਜਬੂਰ ਨਹੀਂ ਹੁੰਦਾ। ਉਹ “ਸੀਤਲ ਜਲ ਛਕਦੇ ਹਨ” ਨਹੀਂ ਕਹਿੰਦਾ, ਬਲਕਿ “ਠੰਢਾ ਪਾਣੀ ਪੀਓ” ਜਿਹੇ ਸਧਾਰਨ ਵਾਕ ਵਰਤਦਾ ਹੈ।

ਕਈ ਸੱਜਣ ਆਪਣੇ ਖਿਆਲਾਂ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਕਦੇ ਹਨ। ਜੇ ਔਖੇ-ਸੌਖੇ ਹੋ ਕੇ ਖੜ੍ਹੇ ਹੋ ਵੀ ਜਾਣ ਤਾਂ ਉਹਨਾਂ ਦੇ ਖਿਆਲ ਦੀ ਸੰਗਲੀ ਟੁੱਟ-ਟੁੱਟ ਪੈਂਦੀ ਹੈ, ਅਤੇ ਬੋਲੀ ਭਈ ਰਸਮੀ ਵਹਾਅ ਵਿਚ ਵਹਿਣ ਤੋਂ ਸੰਗਦੀ ਹੈ। ਪਰ ਜਦ ਉਹ ਵਿਹਲੇ ਬਹਿ ਕੇ ਗੱਲਾਂ ਕਰਨ ਲੱਗਣ ਤਾਂ ਬਹੁਤ ਸੋਹਣਾ ਅਸਰ ਪਾਂਦੇ ਹਨ। ਕਈ ਵਾਰੀ ਡੂੰਘੇ ਖਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬੱਝਵੇਂ ਵਖਿਆਨਾਂ ਰਾਹੀਂ ਨਹੀਂ ਜ਼ਾਹਰ ਕਰ ਸਕਦੇ ਪਰ ਨਿਜੀ ਤੌਰ ਤੇ ਆਪਣੇ ਸੰਗੀਆਂ-ਸਾਥੀਆਂ ਵਿਚ ਬੈਠੇ ਉਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਣ-ਪਲਟਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਉਹ ਦੱਸ ਸਕਦਾ ਹੈ ਕਿ ਪ੍ਰਾਈਵੇਟ ਗੱਲ-ਬਾਤ ਕਰਨ ਵਿੱਚ ਕਿਤਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ। ਇਹਨਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਨ ਬਣਾਉਣ ਵਿਚ ਕੀਤਾ ਹੈ ਉਸ ਤੋਂ ਜ਼ਿਆਦਾ ਇਹਨਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡੀ ਤੋਂ ਸੈਦਪੁਰ ਨੂੰ ਜਾਂਦੀ ਸੜਕ ਉੱਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ ਵਿੱਚ ਦਸ਼ਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ। ਭਾਈ ਵੀਰ ਸਿੰਘ ਜੀ ਨੇ ਆਪਣੇ ਸੋਹਣੇ ਬਾਗ਼ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ ਵਾਂਗੂੰ ਕਿਣ-ਮਿਣ ਲਾ ਕੇ, ਕਿਤਨਿਆਂ ਦੀ ਜੀਵਣ ਵਿਚ ਰਸ ਭਰਿਆ, ਸੁਗੰਧਿਤ ਕੀਤਾ ਤੇ ਕੋਮਲ ਬਣਾਇਆ।

ਇਸੇ ਤਰ੍ਹਾਂ ਹਰ ਸ਼ਹਿਰ, ਹਰ ਪਿੰਡ ਵਿਚ ਕੁਝ ਕੁ ਆਦਮੀ ਹੁੰਦੇ ਹਨ ਜੋ ਕਿਤਾਬਾਂ ਤਾਂ ਨਹੀਂ ਲਿਖਦੇ ਤੇ ਨਾ ਕਿਧਰੇ ਖੜ੍ਹੇ ਹੋ ਕੇ ਲੈਕਚਰ ਕਰਦੇ ਹਨ, ਪਰ ਪਰ੍ਹੇ ਵਿਚ ਬਹਿ ਕੇ ਜੋ ਅਸਰ ਉਹ ਆਪਣੀਆਂ ਗੱਲਾਂ ਨਾਲ ਪਾਂਦੇ ਹਨ, ਉਸ ਦੇ ਨਾਲ ਦਾ ਅਸਰ ਪਿੰਡਾਂ ਦੇ ਗ੍ਰੰਥੀ, ਪੰਡਤ ਜਾਂ ਮੁੱਲਾਂ ਭੀ ਨਹੀਂ ਪਾ ਸਕਦਾ। ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿਚ ਜੋ ਕੁਝ ਥੋਕ ਕਰਕੇ ਵਿਕਦਾ ਹੈ, ਇਥੇ ਪਰਚੂਣ ਕਰ ਕੇ ਵਿਹਾਜਿਆ ਜਾਂਦਾ ਹੈ, ਜੋ ਉਥੇ ਖ਼ਰਾਸ ਵਾਂਗੂ ਦਰਾਲ੍ਹਿਆ ਜਾਂਦਾ ਹੈ, ਇਥੇ ਚੱਕੀ ਵਾਂਗੂ ਮਹੀਨ ਪੀਠਾ ਜਾਂਦਾ ਹੈ, ਜਾਂ ਇਉਂ ਕਹੋ ਕਿ ਜੋ ਉਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ, ਉਹ ਇਥੇ ਉਗਾਲੀ ਕਰ ਕੇ ਪਚਾਇਆ ਜਾਂਦਾ ਹੈ। ਇਹ ਇੱਕ ਪਾਰਲੀਮੈਂਟ ਹੈ ਜੋ ਹਰ ਥਾਂ ਹਰ ਵੇਲੇ ਲੱਗੀ ਰਹਿੰਦੀ ਹੈ। ਇਸ ਵਿਚ ਆਮ ਰਾਇ ਬਣਦੀ, ਵੱਡੀਆਂ ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ, ਕੌਮਾਂ ਉਸਰਦੀਆਂ, ਨਿਸਰਦੀਆਂ ਤੇ ਢਹਿੰਦੀਆਂ ਹਨ। ਕੌਸਲਾਂ ਤੇ ਅਸੈਂਬਲੀਆਂ ਵਿਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ, ਪਰ ਪਹਿਲਾਂ ਉਹ ਮਤੇ ਇਥੇ ਬਣਦੇ, ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ-ਫ਼ੇਲ੍ਹ ਕਰਨ ਦੇ ਮਨਸੂਬੇ ਬਣਦੇ ਹਨ। ਜੋ ਜੋ ਖਿਆਲ ਅੰਤਿਮ ਸ਼ਕਲ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਵਿਚ ਪ੍ਰਕਾਸ਼ਿਤ ਹੁੰਦੇ ਹਨ, ਪਹਿਲਾਂ ਵਿਹਲੀਆਂ ਗੱਲਾਂ ਗੱਪਾਂ ਦੀ ਸ਼ਕਲ ਵਿਚ ਇਧਰ-ਉਧਰ ਗੇੜੇ ਲਾਂਦੇ ਰਹਿੰਦੇ ਹਨ। ਜਦ ਉਹ ਇਸ ਛੱਜ ਵਿਚੋਂ ਛਟ ਛਟ ਕੇ, ਸਾਫ਼ ਹੋ ਕੇ, ਸਾਰੀ ਜਨਤਾ ਦੇ ਸਾਹਮਣੇ ਆਉਂਦੇ ਹਨ ਤਾਂ ਵਧੇਰੇ ਪ੍ਰਮਾਣਿਕ ਗਿਣੇ ਜਾਂਦੇ ਹਨ। ਪਰ ਕੀ ਇਹ ਛਟਣ-ਛਟਾਣ ਵਾਲਾ ਕੰਮ ਨਿਕੰਮਾ ਹੈ ? ਇਸ ਤੋਂ ਬਿਨਾਂ ਕੋਈ ਖਿਆਲ, ਕੋਈ ਰਾਇ ਪੱਕੀ ਨਹੀਂ ਹੋ ਸਕਦੀ ਅਤੇ ਜੋ ਉਸਾਰੀ ਕੰਮ ਦੀ ਜਾਂ ਇਸ ਦੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿੱਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ। ਇਹ ਇਕ ਸਕੂਲ ਹੈ ਜਿਸ ਵਿਚ ਅਕਬਰ, ਰਣਜੀਤ ਸਿੰਘ, ਡਿਕਨਜ਼, ਟੈਗੋਰ, ਬ੍ਰਾਉਨਿੰਗ, ਆਦਿ ਮਹਾਂ ਪੁਰਖ ਪੜ੍ਹੇ।
ਆਮ ਗੱਲ-ਬਾਤ ਉੱਤੇ ਕੋਈ ਕਾਪੀ-ਰਾਈਟ ਦਾ ਦਾਬਾ ਨਹੀਂ ਹੁੰਦਾ। ਜਿਹੜਾ ਵੀ ਖਿਆਲ ਚੰਗਾ ਲੱਗੇ ਉਹੋ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ। ਕੋਈ ਨੁਕਤਾ ਜਾਂ ਪੜਚੋਲੀਆ ਤੁਹਾਡੇ ਖਿਆਲਾਂ ਦੇ ਸੋਮੇ ਲੱਭ ਕੇ ਤੁਹਾਨੂੰ ਚੋਰ ਨਹੀਂ ਆਖ ਸਕਦਾ।

ਇਸ ਵਿਚ ਆਜ਼ਾਦੀ ਪੂਰੀ ਪੂਰੀ ਹੈ। ਨਾ ਇਸ ਵਿਚ ਖ਼ੁਫੀਆ ਪੁਲਿਸ ਦਾ ਡਰ, ਨਾ ਕਿਸੇ ਕਾਨੂੰਨ ਦੀ ਉਲੰਘਣਾ ਦਾ (ਘਰ ਬੈਠੇ ਜੁ ਇੱਕ-ਦੋ ਨਾਲ ਗੱਲ ਕਰਨੀ ਹੋਈ)। ਕਿਤਾਬਾਂ ਲਿਖਣ ਲਈ ਹਜ਼ਾਰ ਪ੍ਰਿੰਟ ਕਰਨੇ ਪੈਂਦੇ ਹਨ। ਪਹਿਲਾਂ ਮਸਾਲਾ ਇਕੱਠਾ ਕਰਨਾ ਹੈ, ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਹੈ ਕਿ ਕੋਈ ਗਲਤੀ ਨਾ ਪਕੜ ਸਕੇ, ਫਿਰ ਸੱਜਣਾਂ ਮਿੱਤਰਾਂ ਦੀਆਂ ਨਰਾਜ਼ਗੀਆਂ, ਲੋਕਾਂ ਦੇ ਵਹਿਮਾਂ ਤੇ ਕਾਨੂੰਨ ਦੀਆਂ ਪਕੜਾਂ ਤੋਂ ਬਚਣਾ। ਜ਼ਬਾਨੀ ਗੱਲ-ਕੱਥ ਕਰਨ ਵਿਚ ਇਹ ਪੁਆੜੇ, ਇਹ ਸੰਗਾਂ, ਇਹ ਰੁਕਾਵਟਾਂ ਨਹੀਂ ਹੁੰਦੀਆਂ, ਇਸ ਲਈ ਇਸ ਵਿਚ ਵਧੇਰੇ ਖੁੱਲ੍ਹ ਹੁੰਦੀ ਹੈ, ਜਿਸ ਵਿੱਚ ਵਧੇਰੇ ਅਪਣੱਤ, ਵਧੇਰੇ ਨੇਕ-ਨੀਤੀ, ਵਧੇਰੇ ਦਿਆਨਤਦਾਰੀ ਵਰਤਣ ਦਾ ਅਵਸਰ ਮਿਲਦਾ ਹੈ।

ਜੇ ਇਸ ਖੁੱਲ੍ਹ ਦੇ ਵਰਤਣ ਦੀ ਜਾਚ ਜਾਂ ਜਿੱਮੇਵਾਰੀ ਦਾ ਭਾਵ ਨਾ ਹੋਵੇ ਤਾਂ ਇਹ ਖੁੱਲ੍ਹ ਬਹੁਤ ਖਰੂਦ ਮਚਾਂਦੀ ਹੈ। ਆਪ-ਹੁਦਰਾ ਆਦਮੀ ਗੱਪ-ਸ਼ੱਪ ਨੂੰ ਵੈਰ ਕੱਢਣ ਦਾ ਸਾਧਨ ਬਣਾ ਲੈਂਦਾ ਹੈ। ਉਹ ਲੋਕਾਂ ਦੀ ਨਿੰਦਾ-ਚੁਗਲੀ ਕਰਦਾ ਘਰ ਨੂੰ ਘਰ ਤੋਂ ਪਾੜਦਾ, ਦੋਸਤਾਂ-ਮਿੱਤਰਾਂ ਵਿਚ ਗ਼ਲਤ ਫਹਿਮੀਆਂ ਪਾ ਕੇ ਨਖੇੜਦਾ ਤੇ ਸਾਰੇ ਭਾਈਚਾਰੇ ਵਿਤ ਕੁਰਸ ਤੇ ਗੁੰਝਲਾਂ ਪਾ ਦਿੰਦਾ ਹੈ। ਪਰ ਗੱਪੀ ਹੋਣ ਕਰਕੇ ਉਸ ਦੇ ਅੰਦਰ ਦੇ ਔਗੁਣ ਛੇਤੀ ਬਾਹਰ ਆ ਜਾਂਦੇ ਹਨ। ਲੋਕੀਂ ਉਸ ਨੂੰ ਪਛਾਣ ਕੇ ਜਾਂ ਤਾਂ ਉਸੇ ਵੇਲੇ ਕੁੱਟ ਕੁਟਾ ਕੇ ਸੋਧ ਲੈਂਦੇ ਹਨ, ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁਡਾ ਲੈਂਦੇ ਹਨ।

ਖੁੱਲ੍ਹੀਆਂ ਗੱਲਾਂ ਕਰਨ ਦਾ ਵੀ ਇਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾਂ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹੱਸਮੁਖ ਹੋਵੇ, ਉਸ ਦੇ ਦਿਲ ਵਿਚ ਲੰਮੇ ਲੰਮੇ ਵੈਰ ਨਾ ਹੋਣ। ਉਸ ਦੀ ਆਮ ਵਾਕਫ਼ੀ ਤੇ ਤਜ਼ਰਬਾ ਬਹੁਤ ਹੋਵੇ, ਜੋ ਬਹੁਤ ਕਰਕੇ ਸਫਰ ਕਰਨ ਤੇ ਦੇਸ਼ਾਂ ਵਿਚ ਭਉਣ-ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਹੈ – “ਬਹੁ ਤੀਰਥ ਭਵਿਆ ਤੇਤੇ ਲਵਿਆ”, ਜੋ ਕੁਝ ਆਲੇ-ਦੁਆਲੇ ਵਿਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰੱਖਦਾ ਹੋਵੇ। ਨਹੀਂ ਤਾ ਉਸ ਦੀਆਂ ਗੱਲਾਂ, ਉਸ ਦੇ ਮਖੌਲ, ਇੱਕ-ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜਹੇ ਲੱਗਣ ਲੱਗ ਪੈਣਗੇ। ਉਸ ਨੂੰ ਲੋਕਾਂ ਦੀ ਸੁਭਾਅ ਤੇ ਮੌਕਾ ਪਛਾਣਨ ਦੀ ਜਾਚ ਹੋਵੇ, ਲੋਕਾਂ ਦੀਆਂ ਆਮ-ਰੁਚੀਆਂ ਨਾਲ ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉੱਤੇ ਹੱਠ ਨਾ ਕਰੇ, ਖ਼ਾਸ ਕਰਕੇ ਆਪਣੀ ਬੋਲੀ ਉੱਤੇ ਚੰਗਾ ਕਾਬੂ ਹੋਵੇ।

ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਭੂਸ਼ਣ ਹੁੰਦਾ ਹੈ। ਲੋਕੀਂ ਸਿੱਖੇ-ਸਿਖਾਏ ਵਿਹਲੀਆਂ ਗੱਲਾਂ ਨੂੰ ਐਵੇਂ ਪਏ ਨਿੰਦਣ, ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵਿਹਲੀਆਂ ਗੱਲਾਂ ਬਿਨਾਂ ਗੁਜ਼ਾਰਾ ਨਹੀਂ। ਅੱਜਕੱਲ ਦੀ ਘੁਠੀ ਹੋਈ ਚਲਦੀ ਦੁਨੀਆਂ ਵਿਚ ਜਿੱਥੇ ਇੰਨੇ ਦੁੱਖ ਤੇ ਰੁਝੇਂਵੇਂ ਹਨ ਵਿਹਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਵੰਦ ਹੈ। ਕਾਰਖ਼ਾਨੇ ਵਿਚ ਕੰਮ ਕਰ ਕੇ ਥੱਕੇ-ਟੁੱਟੇ ਮਜੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇਕ ਤਰ੍ਹਾਂ ਦੀ ਮਲ੍ਹਮ ਹੈ। ਜੇ ਦਫਤਰੋਂ ਆਏ ਬਾਬੂ ਨੂੰ ਆਪਣੀ ਵਹੁਟੀ ਸਾਰੇ ਦਿਨ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਨਾ ਸੁਣਾਏ, ਜਾਂ ਸ਼ਾਮ ਨੂੰ ਉਸ ਦਾ ਮਿੱਤਰ ਸੈਰ ਕਰਦੇ ਕਰਦੇ ਵਿਹਲੀਆਂ ਠੋਕ ਕੇ ਉਸ ਨੂੰ ਨਾ ਹਸਾਏ ਤਾਂ ਉਸ ਵਿਚਾਰੇ ਦਾ ਥੋੜ੍ਹੇ ਦਿਨਾਂ ਵਿਚ ਘਾਣ ਹੋ ਜਾਏ।

ਜੇ ਕਿਸੇ ਸਬੰਧੀ ਦੇ ਘਰ ਮਰਨੇ ਉੱਤੇ ਜਾ ਕੇ ਪਰਚਾਉਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸਬੰਧੀ ਨੂੰ ਮੌਤ ਚੇਤੇ ਕਰਾ ਕੇ ਉਸ ਦੇ ਅੱਲੇ ਘਾਓ ਇਉਂ ਉਚੇੜੇਗਾ, “ਵਿਚਾਰਿਆ! ਤੇਰਾ ਕੁਝ ਨਹੀਂ ਰਿਹਾ, ਤੇਰਾ ਹੁਣ ਜੀਣਾ ਕਿਸ ਅਰਥ?” ਪਰ ਜਿਹੜਾ ਆਦਮੀ ਸਮਝਦਾਰ ਹੈ, ਉਹ ਗੱਲਾਂ ਗੱਲਾਂ ਵਿਚ ਆਪਣੇ ਦੁਖੀ ਸਬੰਧੀ ਨੂੰ ਆਪਣੀ ਹਮਦਰਦੀ ਦੱਸ ਦਏਗਾ, ਪਰ ਉਮੀਦ ਵਾਲੀਆਂ ਢਾਰਸ ਵਾਲੀਆਂ ਗੱਲਾਂ ਦੇ ਜ਼ਰੀਏ ਉਸ ਦੇ ਖਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸ ਦੀਆਂ ਅੱਖਾਂ ਤੋਂ ਓਹਲੇ ਰੱਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ, ਵਿਹਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿਚ ਪਰਪੱਕ ਆਦਮੀ ਹੀ ਕਰ ਸਕਦਾ ਹੈ।

ਇਸੇ ਤਰ੍ਹਾਂ ਜਦ ਭੀ ਕੋਈ ਜ਼ਰੂਰੀ ਕੰਮ ਦੀ ਗੱਲ ਕਰਨ ਲੱਗੋ ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ-ਪਾਸ ਦੀਆਂ ਵਿਹਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ। ਕਿਸੇ ਮਿੱਤਰ ਪਾਸੋਂ (ਜੋ ਸ਼ਾਹੂਕਾਰ ਨਾ ਹੋਵੇ) ਉਧਾਰ ਲੈਣ ਜਾਓ ਤਾਂ ਤੂਹਾਨੂੰ ਹਜ਼ਾਰ ਵੇਲਣੇ ਸਿੱਧੇ-ਪੁੱਠੇ ਵੇਲਣੇ ਪੈਣਗੇ, ਤਦ ਜਾ ਕੇ ਅਸਲੀ ਮਜ਼ਮੂਨ ਵੱਲ ਆਓਗੇ। ਗੱਲ ਸ਼ੁਰੂ ਕਰਨੀ ਹੀ ਔਖੀ ਹੁੰਦੀ ਹੈ। ਜਦ ਇੱਕ ਵਾਰ ਗੱਲ ਰਿੜ੍ਹ ਪਏ ਤਾਂ ਖਿੱਦੋ ਵਾਂਗ ਖੇਡ ਜਾਰੀ ਰਹਿੰਦੀ ਹੈ। ਵਿਚ-ਵਿਚਾਲੇ ਜਿੱਥੇ ਭੀ ਮੌਕਾ ਲੱਗ ਜਾਏ, ਆਪਣੇ ਮਤਲਬ ਦੀ ਗੱਲ ਠੇਲ੍ਹ ਦਈਦੀ ਹੈ।

“ਸੁਣਾ ਯਾਰ! ਤੂੰ ਤਾਂ ਈਦ ਦਾ ਚੰਦ ਹੀ ਹੋ ਗਿਓਂ। ਕਿੱਥੇ ਰਹਿੰਦਾ ਏ?”
“ਰਹਿਣਾ ਕੀ ਏ? ਕਈ ਦਿਨਾਂ ਤੋਂ  ਪਿਆ ਪਾਸੇ ਮਾਰਦਾ ਹਾਂ। ਗੋਡੇ ਵਿਚ ਜੁ ਦਰਦ ਆ ਨਿਕਲੀ ਐ!”
“ਹਾਂ ਜੀ! ਧਨੀ ਲੋਕਾਂ ਦੀਆਂ ਬਿਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ। ਡਾਕਟਰ ਹੈ ਨਾ। ਲੋਕੀ ਮੰਜੇ ਤੇ ਪਿਆਂ ਨੂੰ ਵੀ ਆ ਦੁਆਈ ਪੁੱਛਦੇ ਨੇ ਤੇ ਫ਼ੀਸਾਂ ਪਏ ਦਿੰਦੇ ਨੇ। ਜੇ ਮੇਰੇ ਵਰਗਾ ਕੰਗਾਲ ਹੁੰਦੋਂ ਤਾਂ ਬਿਮਾਰ ਪਏ ਦੇਖਦੋਂ ਕਿ ਕਿੰਨੀ ਵੀਹੀਂ ਸੌ ਹੁੰਦਾ ਹੈ।”
“ਵਾਹ ਭਈ! ਤੂੰ ਕਦੋਂ ਦਾ ਕੰਗਾਲ ਹੋ ਗਿਓਂ?”
“ਤੈਨੂੰ ਪਤਾ ਨਹੀਂ? ਮਕਾਨ ਬਣਾ ਬੈਠਾ ਹਾਂ। ਸਭ ਕੁਝ ਵਿੱਚੇ ਲੱਗ ਗਿਐ। ਛੇ ਕੁ ਮਹੀਨੇ ਦੀ ਔੜ ਹੈ! ਫੇਰ ਜਲ-ਥਲ ਹੋ ਜਾਏਗਾ। ਹਾਂ ਸੱਚੀਂ! ਇੱਕ ਸੌ ਦੀ ਡਾਹਢੀ ਲੋੜ ਹੈ। ਭਰਜਾਈ ਕੋਲੋਂ ਪੁੱਛ ਖਾਂ, ਕਿਤੇ ਏਧਰ-ਓਧਰ ਰੱਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ।”

ਬੱਸ, ਇਥੋਂ ਆਪਣੇ ਮਤਲਬ ਦੀ ਗੱਲ ਸਿੱਧੀ ਕਰ ਲਈ ਦੀ ਹੈ। ਔਖ ਕੇਵਲ ਸ਼ੁਰੂ ਕਰਨ ਵਿਚ ਹੀ ਹੁੰਦੀ ਹੈ। ਸੋ ਇਹ ਸ਼ੁਰੂ ਕਰਨ ਦਾ ਹੁਨਰ ਵੀ ਗੱਪ-ਸ਼ੱਪ ਅਖਵਾਂਦਾ ਹੈ। ਕੋਈ ਦੁੱਖ ਵਾਲਾ ਸੁਨੇਹਾ ਦੇਣਾ ਹੋਵੇ, ਕੋਈ ਸਿਫ਼ਾਰਿਸ਼ ਪਾਣੀ ਹੋਵੇ, ਕੋਈ ਸਾਕ-ਸਬੰਧ ਕਰਨਾ ਪਏ ਤਾਂ ਅਸਲੀ ਮਤਲਬ ਦੀ ਇਮਾਰਤ ਖੜ੍ਹੀ ਕਰਨ ਤੋਂ ਪਹਿਲਾਂ ਕੁਝ ਵਿਹਲੀਆਂ ਗੱਲਾਂ ਦੀ ਡਿਉੜੀ ਉਸਾਰਨੀ ਪੈਂਦੀ ਹੈ। ਕੌਣ ਕਹਿ ਸਕਦਾ ਹੈ ਕਿ ਇਹ ਕੰਮ ਸੌਖਾ ਹੈ ਜਾਂ ਲੌੜੀਂਦਾ ਨਹੀਂ।

ਪਿਆਰ ਦੇ ਮਾਮਲੇ ਵਿਚ ਵਿਹਲੀਆਂ ਗੱਲਾਂ ਇਕ ਖਾਸ ਮਹਾਨਤਾ ਰੱਖਦੀਆਂ ਹਨ। ਇਹ ਮੀਆਂ ਦੇ ਰੂਹ ਦੀ ਖੁਰਾਕ ਹਨ। ਹਰ ਇੱਕ ਪ੍ਰੇਮੀ ਏਹੋ ਕਹਿੰਦਾ ਹੈ ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬੱਸ, “ਇਕ ਤੂੰ ਹੋਵੇਂ ਇਕ ਮੈਂ ਹੋਵਾਂ ਤੇ ਦੋਵੇਂ ਬਹਿ ਕੇ ਗੱਲਾਂ ਕਰੀਏ!”

“ਟਾਹਲੀ ਦੇ ਥੱਲੇ ਬਹਿ ਕੇ,
ਹਾਂ ਮਾਹੀਆ ਵੇ!
ਆ ਕਰੀਏ ਦਿਲ ਦੀਆਂ ਗੱਲਾਂ!
ਤੂੰ ਮੇਰਾ ਦਰਦ ਵੰਡਾਵੇਂ!
ਮੈਂ ਤੇਰੇ ਦਰਦ ਉੱਥਲਾਂ!”

ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪੱਤਰਾਂ ਵਾਲਾ ਪਿੱਪਲ, ਜਿੱਥੇ ਭੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਂ ਨਹੀਂ ਭੁੱਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ।

“ਜਿੱਥੇ ਬਹਿ ਗੱਲਾਂ ਕੀਤੀਆਂ
ਬੂਟਾ ਰੱਖਿਆ ਨਿਸ਼ਾਨੀ!”

ਮੈਨੂੰ ਆਪਣੇ ਮਿੱਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਉਹ ਝਾਕੀ ਹੈ ਕਿ ਜਦੋਂ ਅਸੀਂ ਐਂਟਰੈਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ ਦੇ ਸਾਹਮਣੇ ਵਾਲੇ ਕਿੱਕਰ ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬੱਧੀ ਅੱਗੇ-ਪਿੱਛੇ ਦੀਆਂ ਗੱਲਾਂ ਕਰਦੇ ਰਹੇ ਸਾਂ। ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰੱਖਿਆ ਸੀ ਤੇ ਅਸੀਂ ਇੰਨੇ ਸੂਖਮ ਸੁਭਾਅ ਵਾਲੇ ਹੋ ਗਏ ਸਾਂ ਕਿ ਲਹਿੰਦੇ ਸੂਰਜ ਦੀ ਟਿੱਕੀ ਉੱਤੇ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉੱਤੋਂ ਲੰਘਦੇ ਦੇਖ ਕੇ ਤ੍ਰਭਕ ਪੈਂਦੇ ਸਾਂ, ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿਚ ਗੱਲਾਂ ਕਾਹਲੀ ਕਾਹਲੀ ਕਰਨ ਲੱਗ ਪੈਂਦੇ ਸਾਂ। ਪਰ ਅਮੁੱਕ ਗੱਲਾਂ ਸਨ। ਉਹ ਅਜੇ ਤਾਈਂ ਨਹੀਂ ਮੁੱਕੀਆਂ।

 

Loading spinner