ਸਾਉਣ (ਮਾਝੇ ਦੇ ਇੱਕ ਪਿੰਡ ਵਿੱਚ) ਲਾਲਾ ਧਨੀ ਰਾਮ ਚਾਤ੍ਰਿਕ ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ, ਚੜ੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ। ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ, ਡੰਗਰ ਛਡ ਦਿੱਤੇ ਖੁਲ੍ਹੇ ਪਾਲੀਆਂ ਨੇ। ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ, ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ। ਪੇਕੀਂ ਬੈਠੀਆਂ ਤਾਈਂ ਦਿਹਾਰ ਆਏ, ਤੇ ਸ਼ਿੰਗਾਰ ਲਾਏ ਸਹੁਰੀ ਆਈਆਂ ਨੇ। ਵੰਗਾਂ ਚੂੜੀਆਂ ਪਹਿਨੀਆਂ ਕੁਆਰੀਆਂ ਨੇ, ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ। ਖੀਰਾਂ ਰਿੱਝੀਆਂ, ਪੂੜੀਆਂ ਡੰਝ ਲਾਹੀ, ਕੁੜੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ। ਗਿੱਧੇ ਵੱਜਦੇ ਕਿਲਕਿਲੀ ਮੱਚਦੀ ਏ, ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ। ਸੌਚੀਂ ਖੇਡਦੇ ਗਭਰੂ ਪਿੜਾਂ ਅੰਦਰ, ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ। ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ, ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ। (ਚੰਦਨਵਾੜੀ ਵਿੱਚੋਂ) ਮੇਲੇ ਵਿਚ ਜੱਟ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ। ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ। ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹਾਣੀਆਂ ਦੀ ਢਾਣੀ ਵਿਚ ਲਾੜਾ ਸੱਜਦਾ, ਬੱਘ ਬੱਘ ਬੱਘ ਬੱਲੇ ਸ਼ੇਰ ਗੱਜਦਾ। ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ, ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ। ਚੰਗੀ ਜੇਹੀ ਸੱਦ ਲਾ ਦੇ, ਬੱਲੇ ਬੇਲੀਆ, ਤੂੰਬਾ ਜਰਾ ਖੋਲ੍ਹ ਖਾਂ, ਜੁਆਨਾ ਤੇਲੀਆ। ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ, ਹਾੜ੍ਹ ਵਿੱਚ ਜੱਟਾਂ ਨੇ ਮਣਾਈਆਂ ਹੋਲੀਆਂ। ਛਿੰਜ ਦੀ ਤਿਆਰੀ ਹੋਈ ਢੋਲ ਵੱਜਦੇ, ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ। ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ, ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ। ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਵਾਰੀ ਹੁਣ ਆ ਗਈ ਜੇ ਖਾਣ ਪੀਣ ਦੀ, ਰੇਉੜੀਆਂ ਜਲੇਬੀਆਂ ਦੇ ਆਹੂ ਲਾਹਣ ਦੀ। ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ, ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ। ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ, ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ। ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। (ਚੰਦਨਵਾੜੀ ਵਿਚੋਂ) ਹਸਰਤਾਂ ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ, ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪੜਦਾ ਹਟਾ ਦੇਵਾਂ। ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ, ਉਨ੍ਹਾਂ ਦੀ ਮੂੰਹ ਖੋਲ੍ਹ ਦੇਵਾਂ ਉਮੰਗਾਂ ਸਭ ਸੁਣਾ ਦੇਵਾਂ। ਏ ਜੀ ਕਰਦਾ ਹੈ, ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ। ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ। ਵਲੇਵੇਂ ਬੇਥਵ੍ਹੇ ਜੋ ਪਾ ਰੱਖੇ ਤੇਰੀ ਮੁਹੱਬਤ ਨੇ, ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ। ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ, ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁੜ੍ਹਾ ਦੇਵਾਂ। ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ, ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪੜ ਕੇ ਸੁਆ ਦੇਵਾਂ। ਜੋ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ, ਤੇਰੇ ਭੋਲੇ ਜਿਹੇ ਮੁਖੜੇ ਦੇ ਹਾਸੇ ਤੋਂ ਘੁਮਾ ਦੇਵਾਂ। ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੰਨਾ ਹੈ, ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ। (ਕੇਸਰ ਕਿਆਰੀ ਵਿਚੋਂ) ਪੰਜਾਬੀ ਧਨੀ ਰਾਮ ਚਾਤ੍ਰਿਕ ਸ਼ਾਵਾ ਓਇ ਪੰਜਾਬੀ ਸ਼ੇਰਾ, ਜੰਮਣਾਂ ਹੀ ਜਗ ਵਿਚ ਹੈ ਤੇਰਾ। ਧੰਨ ਤੂੰ ਤੇ ਧੰਨ ਤੇਰੀ ਮਾਈ, ਧੰਨ ਹਿੰਮਤ ਤੇ ਧੰਨ ਤੇਰੀ ਕਮਾਈ। ਕੁਦਰਤ ਹੈ ਅਜ ਤੇਰੇ ਵਲ ਦੀ, ਤੇਰੇ ਸਿਰ ਤੇ ਦੁਨੀਆ ਪਲਦੀ। ਮੂੰਹ ਤੇਰੇ ਤੇ ਨੂਰ ਖੁਦਾ ਦਾ, ਬਾਂਹ ਤੇਰੀ ਵਿਚ ਜ਼ੋਰ ਬਲਾ ਦਾ। ਜੇਠ ਹਾੜ ਦੇ ਵਾ ਵਰੋਲੇ, ਸਾਉਣ ਮੀਂਹ ਦੇ ਝਖੜ ਝੋਲੇ। ਰਾਤ ਹਨੇਰੀ ਪੋਹ ਦੇ ਪਾਲੇ ਹਸ ਹਸ ਕੇ ਤੂੰ ਜਫਰ ਜਾਲੇ। ਸੌਂਚੀ. ਬੁਗਦਰ, ਛਾਲਾਂ, ਵੀਣੀ, ਹਰ ਇਕ ਖੇਡ ਤੇਰੀ ਸਾਹ-ਪੀਣੀ। ਹਿੰਮਤ ਤੇਰੀ ਦਾ ਕੀ ਕਹਿਣਾ, ਬਿਨਾਂ ਖੁਰਾਕੋਂ ਜੁੱਟਿਆ ਰਹਿਣਾ। ਛੋਲੇ ਚੱਬ ਤੂੰ ਕਹੀ ਚਲਾਵੇਂ, ਛਾਹ ਪੀ ਕੇ ਤੂੰ ਲਹੂ ਵਹਾਵੇਂ। ਜਿਸ ਮੁਹਿੰਮ ਦੇ ਸਿਰ ਤੂੰ ਚੜ੍ਹਿਓਂ, ਸਰ ਕੀਤੇ ਬਿਨ ਘਰ ਨ ਵੜਿਓਂ। ਜਸ ਹੁੰਦਾ ਏ ਹਰ ਥਾਂ ਤੇਰਾ, ਸ਼ਾਵਾ ਓਇ ਪੰਜਾਬੀ ਸ਼ੇਰਾ (ਕੇਸਰ ਕਿਆਰੀ ਵਿਚੋਂ) ਪੰਜਾਬੀ ਦਾ ਸੁਪਨਾ ਧਨੀ ਰਾਮ ਚਾਤ੍ਰਿਕ (ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ) (1) ਪੰਜਾਬੋਂ ਔਂਦਿਆ ਵੀਰਨਿਆ, ਕੋਈ ਗੱਲ ਕਰ ਆਪਣੇ ਥਾਵਾਂ ਦੀ। ਮੇਰੇ ਪਿੰਡ ਦੀ ਮੇਰੇ ਟੱਬਰ ਦੀ, ਹਮਸਾਇਆਂ ਭੈਣ ਭਰਾਵਾਂ ਦੀ। ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ? ਮੀਂਹ ਵੇਲੇ ਸਿਰ ਪੈ ਜਾਂਦਾ ਹੈ? ਘਿਓ ਸਸਤਾ ਅੰਨ ਸਵੱਲਾ ਏ, ਸਭ ਰੱਜ ਕੇ ਰੋਟੀ ਖਾਂਦੇ ਨੇ? ਪਰਭਾਤ ਰਿੜਕਣੇ ਪੈਂਦੇ ਸਨ? ਛਾਹ ਵੇਲੇ ਭੱਤੇ ਢੁੱਕਦੇ ਸਨ? ਭੱਠੀਆਂ ਤੇ ਝੁਰਮਟ ਪੈਂਦੇ ਸਨ? ਤ੍ਰਿਝਣਾਂ ਵਿਚ ਚਰਖੇ ਘੂਕਦੇ ਸਨ? ਪਰਦੇਸਾਂ ਅੰਦਰ ਬੈਠਿਆਂ ਨੂੰ, ਕੋਈ ਯਾਦ ਤੇ ਕਰਦਾ ਹੋਵੇਗਾ? ਮਾਂ, ਭੈਣ ਤੇ ਨਾਰ ਕਿਸੇ ਦੀ ਦਾ, ਦਿਲ ਹੌਕੇ ਭਰਦਾ ਹੋਵੇਗਾ? (2) ਪੰਜਾਬੀਆਂ ਵਿਚ ਕੋਈ ਚਾ ਭੀ ਹੈ? ਪੰਜਾਬ ਦੀ ਸ਼ਾਨ ਬਣਾਉਣ ਦਾ? ਪਾਟੇ ਹੋਏ ਸੀਨੇ ਸੀਉਣ ਦਾ? ਨਿਖੜੇ ਹੋਏ ਵੀਰ ਮਿਲਾਉਣ ਦਾ? ਹਿੰਦੂ ਮੋਮਨ ਸਿੱਖ ਈਸਾਈ, ਘਿਓ ਖਿਚੜੀ ਹੋ ਗਏ ਹੋਵਣਗੇ? ਕਿਰਸਾਣ ਵਪਾਰੀ ਤੇ ਕਿਰਤੀ, ਇਕ ਥਾਏਂ ਖਲੋ ਗਏ ਹੋਵਣਗੇ? (3) ਅਸੀਂ ਜਦ ਦੇ ਏਥੇ ਆਏ ਹਾਂ, ਸਾਡੇ ਤੇ ਹੁਲੀਏ ਹੀ ਵਟ ਗਏ ਨੇ। ਸਾੜੇ ਤੇ ਕੀਨੇ ਨਿਕਲ ਗਏ, ਵਲ ਵਿੰਗ ਪੁਰਾਣੇ ਹਟ ਗਏ ਨੇ। ਜੀ ਚਾਹੁੰਦਾ ਹੈ, ਪੰਜਾਬ ਨੂੰ ਭੀ, ਐਥੋਂ ਵਰਗਾ ਰੰਗ ਲਾ ਲਈਏ, ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ, ਪੱਕੀਆਂ ਸੜਕਾਂ ਬਣਵਾ ਲਈਏ। ਹੱਥਾਂ ਵਿਚ ਬਰਕਤ ਪੈ ਜਾਵੇ, ਧਰਤੀ ਸੋਨੇ ਦੀ ਹੋ ਜਾਵੇ। ਆ ਕੇ ਕੋਈ ਰੋੜ੍ਹ ਮਜੂਰੀ ਦਾ, ਭੁੱਖ ਨੰਗ ਦੇ ਧੋਣੇ ਧੋ ਜਾਵੇ। (ਨਵਾਂ ਜਹਾਨ ਵਿੱਚੋਂ) ਹਿੰਮਤ ਧਨੀ ਰਾਮ ਚਾਤ੍ਰਿਕ ਸੈ ਤਕਦੀਰਾਂ ਘੜੀਆਂ ਭੱਜੀਆਂ। ਸੈ ਬਲੀਆਂ, ਬੁਝ ਗਈਆਂ। ਪਰ ਹਿੰਮਤ ਦੀਆਂ ਪਈਆਂ ਲੀਕਾਂ। ਦਿਨ ਦਿਨ ਉਘੜਨ ਪਈਆਂ। ਤੂੰ ਆਲਸ ਦਾ ਪੱਲਾ ਫੜ ਕੇ, ਨਾਂ ਕਿਸਮਤ ਦਾ ਧਰਿਆ। ਹਿੰਮਤੀਆਂ ਨੇ ਮਾਰ ਕੇ ਬਾਹਾਂ ਸੈ ਨਦੀਆਂ ਤਰ ਲਈਆਂ। (ਨਵਾਂ ਜਹਾਨ ਵਿੱਚੋਂ) ਬਣਾਂਦਾ ਕਿਉਂ ਨਹੀਂ ? ਧਨੀ ਰਾਮ ਚਾਤ੍ਰਿਕ ਪਿੰਜਰੇ ਵਿਚ ਪਏ ਹੋਏ ਪੰਛੀ, ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ? ਖੁਲ੍ਹੀ ਖਿੜਕੀ ਤਕ ਕੇ ਭੀ, ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ? ਮੁੱਦਤ ਦਾ ਤਰਸੇਵਾਂ ਤੇਰਾ, ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ। ਹੁਣ ਤੇ ਤੇਰਾ ਵੱਸ ਚਲਦਾ ਹੈ, ਭਰ ਕੇ ਪਰ ਫੈਲਾਂਦਾ ਕਿਉਂ ਨਹੀਂ? ਉਂਗਲੀ ਨਾਲ ਇਸ਼ਾਰੇ ਪਾ ਪਾ, ਨਾਚ ਬੁਤੇਰੇ ਨਚ ਲਏ ਨੀ। ਆਪਣੇ ਹੱਥੀਂ ਲੀਹਾਂ ਪਾ ਕੇ, ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ? ਸੰਗਲ ਦੇ ਖਿਲਰੇ ਹੋਏ ਟੋਟੇ, ਮੁੜ ਕੇ ਜੇ ਕੋਈ ਜੋੜਨ ਲੱਗੇ। ਹਿਮੰਤ ਦਾ ਫੁੰਕਾਰਾ ਭਰ ਕੇ, ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ? ਮੀਸਣਿਆਂ ਮਸ਼ੂਕਾਂ ਦਾ ਮੂੰਹ, ਚੰਦ ਚੜ੍ਹੇ ਮੁਸਕਾ ਉਠਿਆ ਹੈ। ਛੂਹ ਕੇ ਨਾਚ ਮਲੰਗਾਂ ਵਾਲਾ, ਮਹਿਫ਼ਲ ਨੂੰ ਗਰਮਾਂਦਾ ਕਿਉਂ ਨਹੀਂ? ਮੈਖ਼ਾਨੇ ਵਿਚ ਸਾਕੀ ਆਇਆ, ਨਾਲ ਬਹਾ ਲੈ ਘੁੰਡ ਉਠਾ ਕੇ। ਇਕਸੇ ਬੇੜੀ ਦੇ ਵਿਚ ਬਹਿ ਕੇ, ਪੀਂਦਾ ਅਤੇ ਪਿਆਂਦਾ ਕਿਉਂ ਨਹੀਂ? ਮੱਥੇ ਟਿਕਦੇ ਸਨ ਨਿਤ ਜਿਸ ਥਾਂ, ਢਾਹ ਸੁੱਟਿਆ ਉਹ ਥੜਾ ਸਮੇਂ ਨੇ। ਨਵੇਂ ਜ਼ਮਾਨੇ ਦਾ ਫੜ੍ਹ ਪੱਲਾ, ਨਵਾਂ ਜਹਾਨ ਵਸਾਂਦਾ ਕਿਉਂ ਨਹੀਂ? ਤੇਰੇ ਈ ਕਸ਼ਟ ਸਹੇੜੇ ਹੋਏ, ਬਣ ਗਏ ਨੇ ਨਾਸੂਰ ਪੁਰਾਣੇ, ਦੇਵਤਿਆਂ ਦਾ ਮੂੰਹ ਕੀ ਤਕਨਾ ਏ, ਆਪੂੰ ਹੱਥ ਹਿਲਾਂਦਾ ਕਿਉਂ ਨਹੀਂ? (ਨਵਾਂ ਜਹਾਨ ਵਿਚੋਂ)