ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਨਹੀਂ ਜ਼ਰੂਰੀ ਮਹਿਲੀਂ ਵੱਸਦੇ
ਇੰਦਰਜੀਤ ਪੁਰੇਵਾਲ

ਨਹੀਂ ਜ਼ਰੂਰੀ ਮਹਿਲੀਂ ਵੱਸਦੇ ਲੋਕ ਵੀ ਹੋਵਣ ਉੱਚੇ।
ਝੁੱਗੀਆਂ ਵਿੱਚ ਵੀ ਫੁੱਲ ਖਿੜਦੇ ਨੇ ਮਹਿਕਾਂ ਸੰਗ ਪਰੁੱਚੇ।
ਹਿਰਨ ਵਾਂਗ ਕਸਤੂਰੀ ਲੱਭਦੇ ਉਮਰ ਬੀਤ ਜਾਏ ਸਾਰੀ,
ਲੱਭ ਲੈਂਦੇ ਨੇ ਜੌਹਰੀ ਪੱਥਰਾਂ ਵਿੱਚੋਂ ਮੋਤੀ ਸੁੱਚੇ।
ਵੇਦ-ਕਤੇਬਾਂ ਰਿਸ਼ੀਆਂ ਮੁਨੀਆਂ ਇਹੋ ਸਬਕ ਸਿਖਾਇਆ,
ਨੀਵਿਆਂ ਨੂੰ ਫੁੱਲ ਲੱਗਦੇ ਤਰਸਣ ਸਿੰਬਲ ਵਰਗੇ ਉੱਚੇ।
ਫੁੱਲ਼ਾਂ ਵਰਗਾ ਪਾਉਣ ਭੁਲੇਖਾ ਤਿੱਖੀਆਂ ਸੂਲਾਂ ਵਰਗੇ,
ਰੀਸ ਫੁੱਲਾਂ ਦੀ ਕਰਦੇ ਵੇਖੇ ਲੋਕੀਂ ਮਹਿਕ ਵਿਗੁੱਚੇ।
ਅਕਲੋਂ ਅੰਨ੍ਹੇ ਗਿਆਨ ਵਿਹੂਣੇ ਰੱਬ ਦਾ ਰਾਹ ਦਰਸਾਉਂਦੇ,
ਬਾਹਰੋਂ ਬਗਲੇ ਭਗਤ ਤੇ ਅੰਦਰੋਂ ਕੁੱਲ ਦੁਨੀਆ ਤੋਂ ਲੁੱਚੇ।
ਤੂੰ ਭੋਲਾ ਏਂ ਦੁਨੀਆ ਚਾਤੁਰ ਨਹੁੰਆਂ ਦੀਆਂ ਵੀ ਬੁੱਝੇ,
‘ਪੁਰੇਵਾਲ’ ਕਿਉਂ ਫਿਰੇ ਛੁਪਾਉਂਦਾ ਆਪਣੇ ਦੋਸ਼ ਸਮੁੱਚੇ।
ਇੰਦਰਜੀਤ ਪੁਰੇਵਾਲ ਨਿਊਯਾਰਕ

ਸੋਨੇ ਦੀ ਚਿੜੀ
ਇੰਦਰਜੀਤ ਪੁਰੇਵਾਲ
ਜੀਣਾ ਮੁਹਾਲ ਹੋਇਆ ਮਰਨਾ ਮੁਹਾਲ ਹੋਇਆ।
ਅੱਜ ਸੋਨੇ ਦੀ ਚਿੜੀ ਦਾ ਵੇਖੋ ਕੀ ਹਾਲ ਹੋਇਆ।
ਰੋਟੀ ਨੂੰ ਤਰਸਦਾ ਏ, ਪਾਣੀ ਨੂੰ ਵਿਲਕਦਾ ਏ,
ਅੰਨ ਦਾਤਾ ਦੇਸ਼ ਦਾ ਸੀ ਅੱਜ ਖੁਦ ਕੰਗਾਲ ਹੋਇਆ।
ਚਿੱਟੀ ਤੇ ਹਰੀ ਕ੍ਰਾਂਤੀ ਜਿਥੇ ਕਦੇ ਸੀ ਆਈ,
ਕਿਹੜੀ ਕ੍ਰਾਂਤੀ ਆਖਾਂ ਲਹੂ ਵਰਗਾ ਲਾਲ ਹੋਇਆ।
ਬੰਬ ਬਰੂਦ ਗੋਲੀ ਸਬ ਕੁਝ ਹੀ ਨਿਗਲ ਜਾਵੇ,
ਵੇਖੋ ਆਦਮੀ ਦਾ ਮਿਹਦਾ ਕਿੱਡਾ ਵਿਸ਼ਾਲ ਹੋਇਆ।
ਖੁਦ ਆਪ ਫਸਦੀ ਜਾਵੇ ਮੇਰੇ ਦੇਸ਼ ਦੀ ਜਵਾਨੀ,
ਕੈਸਾ ਕਿਸੇ ਦੋਖੀ ਦਾ ਬੁਣਿਆ ਇਹ ਜਾਲ ਹੋਇਆ।
ਕੁਝ ਅੱਤਵਾਦ ਨਿਗਲੀ ਕੁਝ ਨਸ਼ਿਆਂ ਨੇ ਖਾ ਲਈ,
ਭਰਿਆ ਨਾ ਢਿੱਡ ਅਜੇ ਵੀ ਇਹ ਕੀ ਕਮਾਲ ਹੋਇਆ।
ਕੰਨਾਂ ਚ ਗੂੰਜਦੀਆਂ ਮਾਸੂਮਾਂ ਦੀਆਂ ਚੀਕਾਂ,
ਨਗਮਾ ਮੁਹੱਬਤ ਵਾਲਾ ਸੁਣਨਾ ਮੁਹਾਲ ਹੋਇਆ।
ਇਨਸਾਨ ਵਿਕ ਰਿਹਾ ਏ ਈਮਾਨ ਵਿਕ ਰਿਹਾ ਏ।
ਇੱਜ਼ਤ ਵੀ ਵੇਚ ਖਾਧੀ ਏਡਾ ਕੰਗਾਲ ਹੋਇਆ।
ਊਧਮ, ਭਗਤ, ਸਰਾਭੇ ਦੀ ਰੂਹ ਪਈ ਕੁਰਲਾਵੇ,
ਡੁਲ੍ਹੇ ਬੇਰਾਂ ਨੂੰ ਸੰਭਾਲੋ ਕੁਝ ਨਹੀਂ ਵਿਚਾਲ ਹੋਇਆ।
ਥਾਂ-ਥਾਂ ਤੋਂ ਛਲਣੀ ਹੋਇਆ ਪੰਜਾਬ ਸਿੰਘ ਪੁਕਾਰੇ,
ਵੈਰੀ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਹੋਇਆ।
ਕਦੇ ਮੁਆਫ ਨਹੀਂ ਕਰਨਾ ਇਤਿਹਾਸ ਨੇ ਤੁਹਾਨੂੰ,
ਜੇ ਵੇਲੇ ਸਿਰ ਨਾ ਕਿਧਰੇ ਵੇਲਾ ਸੰਭਾਲ ਹੋਇਆ।
ਕਿੰਨਾ ਚਿਰ ਹੋਰ ਵਗਣੀ ਕਾਲੀ ਹਨੇਰੀ ਲੋਕੋ,
ਬੜਾ ਜ਼ੋਰ ਲਾਇਆ ਮੈਂ ਤਾਂ ਕੁਝ ਬੁੱਝ ਨਾ ਸਵਾਲ ਹੋਇਆ।
ਪਤਾ ਨਹੀਂ ਕਿੱਥੇ ਉੱਡ ਗਈ ਘੁੱਗੀ ਅਮਨ ਦੀ ਯਾਰੋ,
ਨੀਲੇ ਤੇ ਚਿੱਟੇ ਕਾਵਾਂ ਹੱਥੋਂ ਸੱਚ ਹਲਾਲ ਹੋਇਆ।
ਦੇਸਾਂ ਚੋਂ ਦੇਸ ਸੋਹਣਾ ਮੇਰਾ ਪੰਜਾਬ ਯਾਰੋ,
ਫੁੱਲ ਵਾਂਗ ਟਹਿਕਦਾ ਸੀ ਹਾਲੋਂ ਬੇਹਾਲ ਹੋਇਆ।
ਇੰਦਰਜੀਤ ਪੁਰੇਵਾਲ ਨਿਊਯਾਰਕ

ਫੂਕ
ਇੰਦਰਜੀਤ ਪੁਰੇਵਾਲ
ਕਾਵਿ ਵਿਅੰਗ ਛਕਣ ਵਾਲਾ ਚਾਹੀਦਾ ਛਕਾਉਣੀ ਸਾਨੂੰ ਆਉਂਦੀ ਏ
ਨਿੱਕੀ ਜਿੰਨੀ ਫੂਕ ਵੱਤੇ ਵੱਤੇ ਮੱਲ ਢਾਉਂਦੀ ਏ।
ਅੱਜਕਲ ਇਸ ਦਾ ਰਿਵਾਜ ਆਮ ਹੋ ਗਿਆ,
ਸਾਰੀ ਦੁਨੀਆ ਹੀ ਇਹਨੂੰ ਛਕਦੀ ਛਕਾਉਂਦੀ ਏ।
ਕਰਿਓ ਯਕੀਨ ਮੇਰਾ ਇਹ ਵੀ ਇਕ ਕਲਾ ਏ,
ਮਾੜੇ-ਧੀੜੇ ਥੰਦੇ ਤਾਂਈ ਮਾਰਨੀ ਨਾ ਆਉਂਦੀ ਏ।
ਓਨੀ ਕੁ ਛਕਾਓ ਜਿੰਨੀ ਹੱਸ ਕੇ ਕੋਈ ਛਕ ਲਵੇ,
ਵਿੱਤੋਂ ਵੱਧ ਮਾਰੀ ਫੂਕ ਗੱਤੀ ਉਲਟਾਉਂਦੀ ਏ।
ਵੇਖੇ ਮੈਂ ਗੁਬਾਰਿਆਂ ਦੇ ਵਾਂਗ ਕਈ ਫੱਟਦੇ,
ਮਾੜੇ ਮਿਹਦੇ ਵਾਲਿਆਂ ਨੂੰ ਰਾਸ ਨ ਇਹ ਆਉਂਦੀ ਏ।
ਥੜੇ-ਥੜੇ ਖੱਥੀ ਖਾਨ ਮੂਧੇ ਕਰ ਸੁੱਟਦੀ,
ਵੱਤੇ-ਵੱਤੇ ਲੀਡਰਾਂ ਦੀ ਕੁਰਸੀ ਹਿਲਾਉਂਦੀ ਏ।
ਅਫਸਰਾਂ ਦੇ ਕੰਨਾਂ ਵਿਚ ਹੌਲੀ ਜਿਹੀ ਮਾਰਿਆਂ,
ਵਰਿਆਂ ਦੇ ਰੁਕੇ ਕੰਮ ਪਲਾਂ 'ਚ ਕਰਾਉਂਦੀ ਏ।
ਪਹਿਲੀ ਵਾਰੀ ਛਕਿਆਂ ਘਿਓ ਵਾਂਗੂ ਲੱਗਦੀ,
ਦੇਰ ਬਾਦ ਬੰਦੇ ਦੇ ਧਿਆਣ ਵਿਚ ਆਉਂਦੀ ਏ।
ਚੁਗਲੀ ਤੇ ਨਿੰਦਿਆ ਦੀ ਤੀਜੀ ਵੱਤੀ ਭੈਣੇ,
ਕਰ ਦੋਵਾਂ ਨਾਲੋਂ ਕੁਝ ਵੱਖਰਾ ਦਿਖਾਉਂਦੀ ਏ।
ਰੋਟੀ ਅਤੇ ਪਾਣੀ ਵਾਂਗੂ ਸਿਹਤ ਲਈ ਜ਼ਰੂਰੀ ਏ,
ਬਿਨਾ ਛਕੇ ਕਈਆਂ ਨੂੰ ਨਾ ਰਾਤੀਂ ਨੀਂਦ ਆਉਂਦੀ ਏ।
ਅੱਖੀਆਂ ਨੂੰ ਦਿਸਦੀ ਨਾ ਕੋਈ ਰੰਗ ਰੂਪ ਨਾ,
ਹਵਾ ਬਾਣੀ ਲੰਘਕੇ ਤੇ ਕੰਨਾਂ 'ਚ ਸਮਾਉਂਦੀ ਏ।
ਪੁਰੇਵਾਲ ਸੱਚੀਂ ਤੈਨੂੰ ਲਿਖਣੇ ਦਾ ਚੱਜ ਨਾ,
ਪਾਠਕਾਂ ਦੀ ਦਿੱਤੀ ਫੂਕ ਕਵਿਤਾ ਲਿਖਾਉਂਦੀ ਏ।
ਇੰਦਰਜੀਤ ਪੁਰੇਵਾਲ

ਖੰਜਰ ਜਿਗਰੀ ਯਾਰ ਦਾ
ਇੰਦਰਜੀਤ ਪੁਰੇਵਾਲ
ਪਿੱਠ ਦੇ ਵਿੱਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ,
ਦੁਸ਼ਮਣੀ ਸੋਚਾਂ ‘ਚ ਪਾਤੀ ਦੋਸਤੀ ਦੇ ਵਾਰ ਨੇ।
ਦਿਲ ਆਦੀ ਹੋ ਗਿਐ ਨਿੱਤ ਨਵੀਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।
ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।
ਐ ਖ਼ੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ਼ ਕੇ ਏਥੇ ਘਰ-ਘਰ ਵਿੱਚ ਅਵਤਾਰ ਨੇ।
ਉਹ ਕੁਲਹਿਣੀ ਘੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ,
ਗੈਰ ਦੀ ਬੁੱਕਲ ‘ਚ ਬਹਿ ਕੇ ਤੱਕਿਆ ਜਦ ਯਾਰ ਨੇ।
ਮੈਂ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ਪੁਰੇਵਾਲ ਨੂੰ ਤਲਵਾਰ ਨੇ।
ਇੰਰਜੀਤ ਪੁਰੇਵਾਲ
inderjitsinghpurewal@yahoo.com
1-845-702-1887

ਕੰਡੇ ਦੀ ਕਹਾਣੀ ਕੰਡੇ ਦੀ ਜ਼ੁਬਾਨੀ
ਇੰਦਰਜੀਤ ਪੁਰੇਵਾਲ
ਹਸਰਤ ਸੀ ਫੁੱਲ ਬਣਨ ਦੀ, ਰੱਬ ਗਲਤੀ ਖਾ ਗਿਆ,
ਓਸੇ ਹੀ ਟਹਿਣੀ  ਤੇ ਮੈਨੂੰ, ਕੰਡੇ ਦੀ ਜੂਨੇ  ਪਾ ਗਿਆ।
ਨਾ  ਭੌਰਾ  ਨਾ ਕੋਈ ਤਿਤਲੀ  ਕਦੇ  ਮੇਰੇ  ਉੱਤੇ ਬੈਠਦੀ,
ਖੋਰੇ ਰੱਬ ਕਿਹੜੇ ਜਨਮ ਦਾ ਮੇਰੇ ਨਾਲ ਵੈਰ  ਕਮਾ ਗਿਆ।
ਫੁੱਲ ਸੁੰਘਦੇ ਫੁੱਲ ਚੁੰਮਦੇ 'ਤੇ  ਹੱਥਾਂ  ਨਾਲ  ਪਿਆਰਦੇ।
ਮੇਰੇ ਤੋਂ  ਸਾਰੇ ਬਚਦੇ  ਮੈਨੂੰ ਕੈਸੀ ਚੀਜ਼  ਬਣਾ ਗਿਆ।
ਜੇਕਰ ਮੈਂ  ਤਿੱਖੀ ਸੂਲ ਹਾਂ, ਇਹ ਵੀ ਤਾਂ  ਰੱਬ ਦੀ ਦੇਣ ਹੈ,
ਫੁੱਲਾਂ ਦੀ ਰਾਖੀ ਕਰਨ ਲਈ ਮੈਨੂੰ ਪਹਿਰੇਦਾਰ ਬਿਠਾ ਗਿਆ।
ਅਸੀਂ ਛੋਟੇ-ਵੱਡੇ  ਸਾਰੇ ਹੀ ਇੱਕੋ ਜਿਹਾ  ਡੰਗ ਮਾਰਦੇ
ਕੌਣ ਸਾਨੂੰ ਜੰਮਦਿਆਂ ਨੂੰ ਚੁਭਣ ਦੇ ਗੁਰ ਸਿਖਾ ਗਿਆ।
ਮੈਨੂੰ ਕਵੀਆਂ ਸ਼ਾਇਰਾਂ ਲੇਖਕਾਂ ਰੱਜ-ਰੱਜ ਕੀਤਾ ਬਦਨਾਮ ਏ,
ਕੋਈ ਦਿਲ ਵਿੱਚ ਖਬੋ ਗਿਆ ਕੋਈ ਰਾਹਵਾਂ ਵਿੱਚ ਵਿਛਾ ਗਿਆ।
ਮੈਂ ਟਹਿਣੀ  ਤੇ  ਲਟਕਦਾ, ਫੁੱਲ  ਟੁੱਟ  ਕੇ  ਭੁੰਜੇ  ਤੜਫਦਾ,
ਅੱਜ ਪੈਰੀਂ  ਡਿੱਗਾ ਵੇਖ ਕੇ, ਮੈਨੂੰ ਤਰਸ  ਜਿਹਾ ਆ ਗਿਆ।
ਅਹਿਸਾਨ ਮੰਦ ਹਾਂ ਫੇਰ ਵੀ ਤੇ ਤਹਿ ਦਿਲੋਂ ਮਸ਼ਕੂਰ ਹਾਂ,
ਫੁੱਲ ਵੇਖਣ ਆਇਆ ਜੇ ਕੋਈ ਮੇਰੇ 'ਤੇ ਨਜ਼ਰ ਘੁਮਾ ਗਿਆ।

ਇੰਦਰਜੀਤ ਪੁਰੇਵਾਲ
inderjitsinghpurewal@yahoo.com

ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ
ਇੰਦਰਜੀਤ ਪੁਰੇਵਾਲ
ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ।
ਮਾਫ਼ ਹੋਣ ਵਾਲੀ ਨਹੀਂ ਤੇਰੀ ਖਤਾ।
ਬੇਸ਼ਕ ਤੂੰ ਪਰਬਤ ਦੇ ਉੱਤੇ ਖਲੋ,
ਨਜ਼ਰਾਂ 'ਚੋਂ ਥੱਲੇ ਤੂੰ ਗਿਰਿਆ ਪਿਆ।
ਸਾਡੇ ਤੋਂ ਸਿੱਖਿਆ ਨੀ ਤੂੰ ਭੋਲਾਪਣ,
ਸਾਨੂੰ ਚਤੁਰਾਈਆਂ ਸਿਖਾਉਂਦਾ ਰਿਹਾ।
ਤੇਰੀ ਚਲਾਕੀ ਹੀ ਡੋਬੇਗੀ ਤੈਨੂੰ,
ਇਹ ਗੱਲ ਚੇਤੇ ਰੱਖੀਂ ਸਦਾ।
ਤੇਰੀ ਖੁਦੀ ਮਾਫ ਕਰਨਾ ਨੀ ਤੈਨੂੰ,
ਤੇਰੇ ਲਈ ਏਨੀ ਹੀ ਬਹੁਤ ਏ ਸਜ਼ਾ।
ਖੂਨ ਦੇ ਰਿਸ਼ਤੇ ਤੋਂ ਹੁੰਦੀ ਏ ਉੱਤੇ,
ਦੋਸਤੀ ਦੇ ਅਰਥ ਤੂੰ ਕੀ ਜਾਣੇ ਭਲਾ।
ਕਿੰਨੀ ਕੁ ਪੀੜ ਹੋਈ ਹੈ ਦਿਲ ਤੇ,
ਅਹਿਸਾਸ ਹੈ ਇਸ ਦਾ ਕੋਈ ਤੈਨੂੰ ਭਲਾ?
ਅੱਖਰ ਨਾ ਇਸ ਨੂੰ ਹੰਝੂ ਹੀ ਜਾਣੀ,
ਕਾਗਜ਼ ਦੀ ਹਿੱਕ 'ਤੇ ਜੋ ਲਿਖਿਆ ਪਿਆ।
ਅਣਜਾਣੇ 'ਚ ਹੁੰਦਾ ਤਾਂ ਦੁੱਖ ਨ ਸੀ ਮੈਨੂੰ,
ਜਾਣਬੁੱਝ ਕੇ ਹੈ ਤੂੰ ਕੀਤੀ ਖਤਾ।
ਕਾਸ਼ ਕਿਤੇ ਇਹ ਸੁਪਣਾ ਈ ਹੋਵੇ,
ਮੈਥੋਂ ਵੀ ਹੋਇਆ ਨਹੀਂ ਜਾਣਾ ਜੁਦਾ।
ਏਨਾ ਕੁ ਅੱਗੇ ਤੋਂ ਰੱਖੀਂ ਖਿਆਲ,
ਹਰ ਦਿਲ ਵਿਚ ਰੱਬ ਵੱਸਦਾ ਪਿਆ।
ਇੰਰਜੀਤ ਪੁਰੇਵਾਲ
inderjitsinghpurewal@yahoo.com

ਜੁੱਤੀਆਂ - ਕਾਵਿ ਵਿਅੰਗ
ਇੰਦਰਜੀਤ ਪੁਰੇਵਾਲ
ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।
ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।
ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।
ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।
ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।
ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।
ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ- ਸਵਾਰ ਦੀਆਂ ਜੁੱਤੀਆਂ।
ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।
ਸਾਡੇ ਵੇਲੇ ਸਸਤੀਆਂ 'ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।
ਰੱਬ ਦੀ ਸਹੁੰ ਅਜੇ ਵੀ ਨੇ ਚੇਤੇ ਬੜਾ ਆਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।
'ਬੁੱਸ਼' ਹੋਵੇ ਭਾਂਵੇ ਹੋਵੇ 'ਬੁੱਸ਼' ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।
ਲੀਡਰਾਂ ਦੇ ਜ਼ਿੰਦਗੀ 'ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।
ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ।
ਇੰਰਜੀਤ ਪੁਰੇਵਾਲ
inderjitsinghpurewal@yahoo.com

ਤੀਰ ਇੱਕ ਦੂਜੇ ਨਾਲ
ਇੰਦਰਜੀਤ ਪੁਰੇਵਾਲ
ਭੱਥੇ 'ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ।
ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ।
ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ,
ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ।
ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ,
ਸਿਰ ਤੇ ਧੁੱਪਾਂ ਝੱਲ ਕੇ ਹੋਰਾਂ ਨੂੰ ਛਾਂਵਾਂ ਕਰ ਰਹੇ।
ਖੰਜਰ ਹਾਂ,ਤਿੱਖਾ ਹਾਂ,ਮੰਨਦਾ ਮੈਂ ਖਤਰਨਾਕ ਹਾਂ,
ਮੁਜ਼ਰਿਮ ਨੂੰ ਢੂੰਡੋ ਕਾਸਨੂੰ ਮੇਰੇ ਤੇ ਦੋਸ਼ ਧਰ ਰਹੋ।
ਛੱਡ 'ਪੁਰੇਵਾਲ' ਹੁਣ ਯਾਰਾਂ ਨੂੰ ਹੋਰ ਪਰਖਣਾ,
ਇੱਕੋ ਮਾਂ ਦੀ ਕੁੱਖੋਂ ਜਾਏ ਨਿੱਤ ਧੋਖੇ ਕਰ ਰਹੇ।
ਇੰਰਜੀਤ ਪੁਰੇਵਾਲ
inderjitsinghpurewal@yahoo.com

ਅੱਜ ਜੋ ਸਾਡਾ ਜਾਨੀ ਦੁਸ਼ਮਣ
ਇੰਦਰਜੀਤ ਪੁਰੇਵਾਲ
ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ।
ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ।
ਵਕਤ ਦੇ ਝੱਖੜਾਂ ਕਰ ਦਿੱਤਾ ਏ ਆਲ੍ਹਣਾ ਮੇਰਾ ਤੀਲਾ-ਤੀਲਾ,
ਹੱਸਦਾ ਵੱਸਦਾ ਇਸ ਦੁਨੀਆ ਤੇ ਮੇਰਾ ਵੀ ਸੰਸਾਰ ਸੀ ਹੁੰਦਾ।
ਤਰਸ ਗਿਆ ਹਾਂ ਸੂਰਤ ਉਸ ਦੀ ਸੁਪਣੇ ਵਿਚ ਹੀ ਮਿਲ ਜਾਏ ਕਿਧਰੇ,
ਕੋਈ ਵੇਲਾ ਸੀ ਸ਼ਾਮ ਸਵੇਰੇ ਦੋਵੇਂ ਵਕਤ ਦੀਦਾਰ ਸੀ ਹੁੰਦਾ।
ਪਿਆਰ 'ਚ ਐਸੀ ਸ਼ਕਤੀ ਹੁੰਦੀ ਪੱਥਰ ਦਿਲ ਵੀ ਮੋਮ ਬਣਾ ਦਏ,
ਫੁੱਲਾਂ ਵਰਗਾ ਕੋਮਲ ਕਰ ਦਏ ਜਿਹੜਾ ਕਦੇ ਕਟਾਰ ਸੀ ਹੁੰਦਾ।
ਅੱਜ ਗੈਰਾਂ ਦੀ ਛਤਰੀ ਉੱਤੇ ਬੈਠਾ ਗੁਟਕੂੰ-ਗੁਟਕੂੰ ਕਰਦਾ,
ਸਾਡੇ ਦਿਲ ਦੇ ਏਸ ਬਨੇਰੇ ਦਾ ਉਹ ਕਦੇ ਸ਼ਿੰਗਾਰ ਸੀ ਹੁੰਦਾ।
ਖੁਸ਼ੀਆਂ ਮਾਣੇ ਹੱਸੇ ਖੇਡੇ ਮੇਰੀ ਉਮਰ ਵੀ ਉਸ ਨੂੰ ਲਗ ਜਾਏ,
ਹੋਇਆ ਕੀ ਜੇ ਦੂਰ ਤੁਰ ਗਿਆ ਕਦੇ ਤਾਂ ਸਾਡਾ ਯਾਰ ਸੀ ਹੁੰਦਾ।
ਇੰਦਰਜੀਤ ਪੁਰੇਵਾਲ
inderjitsinghpurewal@yahoo.com

ਮੈਂ ਰੱਬ ਬਣਿਆ - ਕਾਵਿ ਵਿਅੰਗ
ਇੰਦਰਜੀਤ ਪੁਰੇਵਾਲ
ਵਾਂਗ ਸ਼ਿਕਾਰੀ ਦੂਹਰਾ ਹੋ-ਹੋ ਝੁੱਕਦਾ ਹਾਂ।
ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ
ਤੂੰ ਘਟ-ਘਟ ਦੀ ਜਾਣੇ ਤੈਥੋਂ ਕੀ ਓਹਲਾ,
ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ ਹਾਂ।
ਖੁਦ ਨੂੰ ਧੋਖਾ ਦੇ ਰਿਹਾ ਸ਼ਾਮ ਸਵੇਰੇ ਮੈਂ,
ਸ਼ਰਮ 'ਚ ਡੁੱਬਾ ਅੱਖਾਂ ਤਾਂਹ ਨਾ ਚੁੱਕਦਾ ਹਾਂ।
ਦੁੱਖ ਵੇਲੇ ਹੀ ਮੈਂ ਬਸ ਤੈਨੂੰ ਯਾਦ ਕਰਾਂ,
ਸੁੱਖ ਵੇਲੇ ਨਾ ਤੇਰੇ ਨੇੜੇ ਢੁੱਕਦਾ ਹਾਂ।
ਮੱਥਾ ਟੇਕ ਦੁਆਨੀ ਲੱਖਾਂ ਮੰਗਦਾ ਹਾਂ,
ਝੋਲੀ ਅੱਡਣ ਲੱਗਾ ਰਤਾ ਨਾ ਉੱਕਦਾ ਹਾਂ।
ਤੂੰ ਕਾਹਤੋਂ ਨਾ ਬਦਲਿਆ ਨਾਲ ਜ਼ਮਾਨੇ ਦੇ,
ਇਹਨਾਂ ਸੋਚਾਂ ਵਿਚ ਮੈਂ ਜਾਦਾਂ ਸੁੱਕਦਾ ਹ
ਭੋਲਿਆ ਰੱਬਾ ਤੂੰ ਵੀ ਦੁਨੀਆ ਵਰਗਾ ਹੋ,
ਨੇਕ ਸਲਾਹ ਦੇਣੋਂ ਨਾ ਤੈਨੂੰ ਉੱਕਦਾ ਹਾਂ।
ਬਹੁਤ ਪੁਰਾਣੀ ਗੱਲ ਜਦੋਂ ਤੂੰ 'ਕੱਲਾ ਸੈਂ,
ਮੈਂ ਅੱਧੋਂ ਵੱਧ ਭਾਰ ਤੇਰਾ ਹੁਣ ਚੁੱਕਦਾ ਹਾਂ।
ਮੌਕਾ ਮਿਲਿਆ ਥੱਲੇ ਆ ਕੇ ਵੇਖੀਂ ਤੂੰ,
ਮੈਂ ਰੱਬ ਬਣਿਆ ਕਿੱਦਾਂ ਏਥੇ ਬੁੱਕਦਾ ਹਾਂ।
ਇੰਰਜੀਤ ਪੁਰੇਵਾਲ
inderjitsinghpurewal@yahoo.com

ਦੁਨੀਆ ਰੰਗ ਬਿਰੰਗੀ ਵੇਖੀ
ਇੰਦਰਜੀਤ ਪੁਰੇਵਾਲ
ਦੁਨੀਆ ਰੰਗ ਬਿਰੰਗੀ ਵੇਖੀ
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟਪਦੀ ਵੇਖੀ
ਸੂਲੀ ਉਤੇ ਟੰਗੀ ਵੇਖੀ।
ਮੌਤ ਦਾ ਤਾਂਡਵ ਨੱਚਦੀ ਵੇਖੀ
ਆਪਣੇ ਖੂਨ ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏ
ਫਿਰ ਵੀ ਅੰਦਰੋਂ ਨੰਗੀ ਵੇਖੀ।
ਚੋਰਾਂ ਕੋਲੋ ਬਚਦੀ ਵੇਖੀ
ਸਾਧਾਂ ਹੱਥੋਂ ਡੰਗੀ ਵੇਖੀ।
ਲੂਬੰੜ ਚਾਲਾਂ ਚਲਦੀ ਵੇਖੀ
ਸਿੱਧੀ ਅਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ
ਫੱਕਰਾਂ ਵਾਂਗ ਮਲੰਗੀ ਵੇਖੀ।
ਪੁਰੇਵਾਲ ਨੇ ਕਈ ਕੁਝ ਵੇਖਿਆ
ਭੁੱਖ ਗਰੀਬੀ ਤੰਗੀ ਵੇਖੀ।
ਇੰਰਜੀਤ ਪੁਰੇਵਾਲ
inderjitsinghpurewal@yahoo.com

ਸਮੇਂ ਨੇ ਕੈਸਾ ਰੰਗ ਵਟਾਇਆ
ਇੰਦਰਜੀਤ ਪੁਰੇਵਾਲ
ਸਮੇਂ ਨੇ ਕੈਸਾ ਰੰਗ ਵਟਾਇਆ।
ਬੰਦੇ ਦਾ ਬੰਦਾ ਤ੍ਰਿਹਾਇਆ।
ਜ਼ਖਮੀ ਤਿੱਤਲੀ ਟੁੱਟੇ ਫੁੱਲਾਂ,
ਮਾਲੀ ਨੂੰ ਦੋਸ਼ੀ ਠਹਿਰਾਇਆ।
ਜਾਗੋ,ਕਿੱਕਲੀ,ਗਿੱਧੇ ਤਾਂਈ,
ਕੁੱਖ ਦੇ ਅੰਦਰ ਮਾਰ ਮੁਕਾਇਆ।
ਸਾਧਾਂ ਨੇ ਡੇਰੇ ਦੇ ਬੂਹੇ,
ਚੋਰ ਨੂੰ ਪਹਿਰੇਦਾਰ ਬਿਠਾਇਆ।
ਭਾਗੋ ਵਰਗੇ ਕੰਮ ਇਹਨਾਂ ਦੇ,
ਲਾਲੋ ਵਰਗਾ ਚੋਲਾ ਪਾਇਆ।
ਧਰਮੀ ਰਹਿ ਗਿਆ ਅੱਧਾ-ਪੌਣਾ,
ਪਾਪੀ ਹੋਇਆ ਦੂਣ ਸਵਾਇਆ।
ਭਲੇ ਬੁਰੇ ਦੀ ਪਰਖ ਨ ਕੋਈ,
ਚਿਹਰੇ ਉੱਤੇ ਚਿਹਰਾ ਲਾਇਆ।
ਛੱਡ 'ਪੁਰੇਵਾਲ' ਤੂੰ ਟੈਨਸ਼ਨ ਲੈਣੀ,
ਦੁਨੀਆ ਦਾ ਕਿਸੇ ਭੇਦ ਨ ਪਾਇਆ।
ਇੰਰਜੀਤ ਪੁਰੇਵਾਲ

 

Loading spinner