ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਬੜੇ ਬਦਨਾਮ ਹੋਏ
ਰਾਜਿੰਦਰ ਜਿੰਦ
ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ।
ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ।
ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ,
ਕਿਸੇ ਦੇ ਬੇਲਿਆਂ ਵਿਚ ਕੌਣ ਫਿਰਦਾ ਚੂਰੀਆਂ ਬਦਲੇ।
ਅਸੀਂ ਸੋਚਾਂ 'ਚ ਸਾਰਾ ਅੱਗ ਦਾ ਸਮਾਨ ਰੱਖਦੇ ਹਾਂ,
ਅਸੀਂ ਪਾਣੀ 'ਚ ਵੀ ਪੈਟਰੋਲ ਪਾ ਲਏ ਦੂਰੀਆਂ ਬਦਲੇ।
ਉਹ ਬੰਦੇ ਸਨ, ਫਰਿਸ਼ਤੇ ਜਾਂ ਕੋਈ ਪਿਆਰ ਦਾ ਸਾਗਰ,
ਕਿਥੋਂ ਤੱਕ ਆਣ ਪਹੁੰਚੇ ਹਾਂ ਉਹਨਾਂ ਦੀਆਂ ਘੂਰੀਆਂ ਬਦਲੇ।
ਸਾਥੋਂ ਹੁਣ ਆਪਣਾ ਹੀ ਭਾਰ ਚੁੱਕ ਕੇ ਤੁਰ ਨਹੀਂ ਹੁੰਦਾ,
ਅਸੀਂ ਕੀ ਸੋਚੀਏ ਹੁਣ ਉਸ ਦੀਆਂ ਮਜ਼ਬੂਰੀਆਂ ਬਦਲੇ।
ਸੁੱਕਾ ਤਨ ਖੁਸ਼ਕ ਜਿਹੇ ਹੋਂਠ ਤੇ ਕੁਝ ਸ਼ੋਰ ਹੱਡੀਆਂ ਦਾ,
ਕਿੰਨੇ ਇਨਾਮ ਮਿਲਦੇ ਨੇ ਇਹਨਾਂ ਮਜ਼ਦੂਰੀਆਂ ਬਦਲੇ।
ਅਸਾਂ ਨੂੰ ਪਿਆਰ, ਰਿਸ਼ਤੇ, ਫਰਜ਼ ਤੇ ਦਿਲ ਸਮਝ ਆਏ ਨਾ,
ਅਸੀਂ ਸਬ ਕੁਝ ਗਵਾ ਦਿੱਤਾ ਇਹਨਾਂ ਮਗਰੂਰੀਆਂ ਬਦਲੇ।
ਰਾਜਿੰਦਰ ਜਿੰਦਨਿਊਯਾਰਕ
1-917-776-9956

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ
ਰਾਜਿੰਦਰ ਜਿੰਦ
ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ।
ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ।
ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ,
ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ।
ਕੱਲ੍ਹ ਜਿਹੜਾ ਗੁਲਕੰਦ ਤੋਂ ਮਿੱਠਾ ਲੱਗਦਾ ਸੀ,
ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ।
ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ,
ਸੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ।
ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ,
ਹਰ ਬੰਦਾ ਹੀ ਲਕੜਹਾਰਾ ਲੱਗਦਾ ਏ।
ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ,
ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ।
ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ,
ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ।
ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ,
ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ।
ਰਾਜਿੰਦਰ ਜਿੰਦਨਿਊਯਾਰਕ
1-917-776-9956

ਲੱਖ ਕੋਸ਼ਿਸ਼ ਦੇ ਬਾਵਜੂਦ
ਰਾਜਿੰਦਰ ਜਿੰਦ
ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ।
ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ੍ਹ ਨਾ ਹੋਇਆ।
ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,
ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।
ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,
ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।
ਯਾਦ ਦੀ ਛੈਣੀ 'ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,
ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।
ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,
ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।
ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,
ਪਤਾ ਨਹੀਂ ਕਿਉਂ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ।
ਰਾਜਿੰਦਰ ਜਿੰਦਨਿਊਯਾਰਕ
1-917-776-9956


ਮੈਥੋਂ ਚਾਹੁਣ ਦੇ ਬਾਵਜੂਦ
ਰਾਜਿੰਦਰ ਜਿੰਦ
ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ 'ਤੇ ਧਰ ਨਹੀਂ ਹੋਣਾ।
ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ।
ਮੈਂ ਤਾਂ ਆਪਣੇ ਫਰਜ਼ 'ਚ ਬੱਧਾ ਉਸਦਾ ਸੱਦਿਆ ਆਇਆ ਹਾਂ,
ਪਤਾ ਸੀ ਮੈਨੂੰ ਘਰ ਬੁਲਾ ਕੇ ਆਪ ਉਹਨਾਂ ਨੇ ਘਰ ਨਹੀਂ ਹੋਣਾ।
ਪਵਨ ਦੇ ਨਾਲ ਯਾਰਾਨਾ ਲਾ ਕੇ ਜਿਹੜੀ ਥਾਂ ਥਾਂ ਉੱਡਦੀ ਫਿਰਦੀ,
ਮੇਰੇ ਬਾਗ ਦੇ ਰੁੱਖਾਂ ਉੱਤੇ ਉਸ ਬੱਦਲੀ ਤੋਂ ਵਰ੍ਹ ਨਹੀਂ ਹੋਣਾ।।
ਜੋ ਜਿੱਤਣ ਦਾ ਆਦੀ ਹੋਵੇ ਹਾਰ ਉਹਦੇ ਲਈ ਔਖੀ ਹੁੰਦੀ,
ਮੈਂ ਤਾਂ ਹਾਰ ਕੇ ਜਿੱਤ ਜਾਵਾਂਗਾ ਪਰ ਤੇਰੇ ਕੋਲੋਂ ਹਰ ਨਹੀਂ ਹੋਣਾ।
ਪੈਰ ਪਾਉਣ ਤੋਂ ਪਹਿਲਾਂ ਹੀ ਅੰਜਾਮ ਦਾ ਪਾਣੀ ਪਰਖ ਲਵੀਂ ਤੂੰ,
ਇਹ ਵਫ਼ਾ ਦਾ ਡੂੰਘਾ ਸਾਗਰ ਤੇਰੇ ਕੋਲੋਂ ਤਰ ਨਹੀਂ ਹੋਣਾ।
ਦੇਸ਼ ਦੀ ਖਾਤਿਰ ਜੀਣ ਮਰਨ ਦੇ ਫੋਕੇ ਵਾਅਦੇ ਕਰਦਾ ਰਹਿਨਾਂ,
ਵਖਤ ਪਿਆ ਤਾਂ ਤੱਕ ਲਿਓ ਬੇਸ਼ਕ ਮੈਂ ਗਰਜ਼ੀ ਤੋਂ ਮਰ ਨਹੀਂ ਹੋਣਾ।
ਰਾਜਿੰਦਰ ਜਿੰਦਨਿਊਯਾਰਕ
1-917-776-9956

ਕਦੇ ਇਹ ਖਾਰ ਲਗਦੀ ਹੈ
ਰਾਜਿੰਦਰ ਜਿੰਦ
ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ 'ਜਿੰਦ' ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ।

ਰਾਜਿੰਦਰ ਜਿੰਦਨਿਊਯਾਰਕ
1-917-776-9956

ਤਨਹਾਈ ਦੇ ਜ਼ਖਮਾਂ ਉੱਤੇ
ਰਾਜਿੰਦਰ ਜਿੰਦ
ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।
ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।
ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।
ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।
ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।
ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੇ ਮਰ ਜਾਂਦੇ ਨੇ।
ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।
ਰਾਜਿੰਦਰ ਜਿੰਦਨਿਊਯਾਰਕ
1-917-776-9956

 

Loading spinner