ਤਿੰਨ ਪੱਥਰ
ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ,
‘ਜਗਤ ਮੁਕਤੀ’ ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ।
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ ‘ਵਾਹਿਗੁਰੂ’ ਪੜ੍ਹ ਕੇ,
ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ।
ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ,
ਹੁਕਮ ਦਿੱਤਾ ਏਹ ਲੈ ਚੱਲ ਉਪੱਰ ਨਾਲ ਅਸਾਡੇ ਭਾਈ।
ਜ਼ਰਾ ਦੂਰ ਚੱਲ, ਰਾਜਾ ਹਫਿਆ, ਕਹਿਣ ਲੱਗਾ ਲੜਖਾਂਦਾ,
‘ਮਹਾਰਾਜ! ਬੋਝਾ ਹੈ ਭਾਰਾ, ਕਦਮ ਨਾ ਪੁੱਟਿਆ ਜਾਂਦਾ।
ਇਕ ਪੱਥਰ ਸੁਟਵਾਇ ਭਗਤ ਨੇ ਉਸ ਨੂੰ ਅੱਗੇ ਚਲਾਇਆ,
ਥੋੜ੍ਹੇ ਕਦਮ ਫੇਰ ਚੱਲ ਉਸ ਨੇ ਚੀਕ ਚਿਹਾੜਾ ਪਾਇਆ।
ਦੂਜਾ ਪੱਥਰ ਵੀ ਸੁਟਵਾ ਕੇ ਫੇਰ ਤੋਰਿਆ ਅੱਗੇ,
ਪਰ ਹਾਲੀ ਭੀ ਭਾਰ ਓਸ ਨੂੰ ਲੱਕ ਤੋੜਵਾਂ ਲੱਗੇ।
ਔਖੀ ਘਾਟੀ ਬਿਖੜਾ ਪੈਂਡਾ, ਉੱਚਾ ਚੜ੍ਹ ਕੇ ਜਾਣਾ,
ਨਾ-ਮੁਮਕਿਨ ਸੀ ਭਾਰ ਓਸ ਚੁੱਕ ਕੇ ਅਗੋਂ ਕਦਮ ਉਠਾਣਾ।
ਤੀਜਾ ਪੱਥਰ ਵੀ ਸੁਟਵਾਇਆ ਰਾਜਾ ਹੌਲਾ ਹੋਇਆ,
ਝਟ ਪਟ ਜਾ ਚੋਟੀ ਤੇ ਚੜ੍ਹਿਆ ਝਟ ਟੱਪ ਟਿੱਬਾ ਟੋਇਆ।
ਹਸ ਕੇ ਭਗਤ ਹੋਰਾਂ ਫੁਰਮਾਇਆ, ‘ਏਹੋ ਮੁਕਤੀ ਰਸਤਾ,
ਤਦ ਤੱਕ ਚੋਟੀ ਚੜ੍ਹ ਨ ਸਕੀਏ ਜਦ ਤਕ ਬੱਝਾ ਫਸਤਾ।
ਤ੍ਰਿਸ਼ਨਾ, ਮੋਹ, ਹੰਕਾਰ ਤਿੰਨ ਹਨ, ਪੱਥਰ ਤੈਂ ਸਿਰ ਚਾਏ,
ਭਾਰਾ ਬੋਝ ਲੈ ਪਰਬਤ ਤੇ ਕੀਕੁਰ ਚੜ੍ਹਿਆ ਜਾਏ।
ਮੁਕਤੀ ਚਾਹੇਂ ਤਾਂ ਤਿੰਨੇ ਪੱਥਰ ਸੁੱਟ ਕੇ ਹੋ ਜਾ ਹਲਕਾ,
ਮਾਰ ਦੁੜੰਗੇ ਉੱਚਾ ਚੜ੍ਹ, ਪਾ ਪਰਮ ਜੋਤ ਦਾ ਝਲਕਾ।
ਰਾਜੇ ਤਾਈਂ ਗਿਆਨ ਹੋ ਗਿਆ, ਜੀਵਨ-ਮੁਕਤੀ ਪਾਈ,
‘ਸੁਥਰੇ’ ਨੂੰ ਭੀ ਮੁਫ਼ਤ, ਕੀਮਤੀ ਇਹ ਘੁੰਡੀ ਹੱਥ ਆਈ।