ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਮੀਰ ਦਾ ਬੰਗਲਾ

ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ,
ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ।
ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ,
ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ।
ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ,
ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ।
ਉਸ ਦੀ ਸਜਾਵਟ ਤੋਂ ਅਮੀਰੀ ਟਪਕਦੀ,
ਉਸ ਦੀ ਸਫਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ।
ਸੀ ‘ਡੈਕੋਰੇਸ਼ਨ’ ਓਸ ਦੀ ‘ਐਕਸਪਰਟ’ ਨੇ ਕੀਤੀ ਹੋਈ,
ਚਿਮਨੀ ਦੀ ਹਰ ਝਾਲਰ ਸੀ ‘ਪੈਰਿਸ-ਗਰਲ’ ਦੀ ਸੀਤੀ ਹੋਈ।
ਸਭ ਕਮਰਿਆਂ ਵਿਚ ਫਰਨੀਚਰ ਸੀ ‘ਫੈਸ਼ਨੇਬਲ’ ਸਜ ਰਿਹਾ,
ਹਰ ਚੀਜ਼ ਵਿਚ ਸੀ ‘ਯੂਰਪੀਅਨ ਫੁਲ ਸਟਾਈਲ’ ਗਜ ਰਿਹਾ।
ਇਕ ‘ਨਯੂ ਬ੍ਰਾਈਡ’ ਸਮ ‘ਡਰਾਇੰਗ ਰੂਮ’ ਸੰਦੀ ਸ਼ਾਨ ਸੀ,
ਜੇ ‘ਸੈੱਟ’ ਇੰਗਲਿਸਤਾਨ ਸੀ ਤਾਂ ‘ਕਾਰਪੈਟ’ ਈਰਾਨ ਸੀ।
ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ,
ਉਚ ‘ਸਿਵਲੀਜੇਸ਼ਨ’ ‘ਐਜੂਕੇਸ਼ਨ’ ਘਰ ਦੀ ਦਸਦੇ ਸਨ ਪਏ।
ਟੇਬਲ ਡਰੈਸਿੰਗ ਰੂਮ ਦੀ ਸੈਟਾਂ-ਕਰੀਮਾਂ ਭਰੀ ਸੀ,
ਪਫ਼, ਕੂੰਬ, ਬ੍ਰਸ਼, ਪੌਡਰ, ਲਵਿੰਡਰ ਲੈਨ ਲੰਮੀ ਧਰੀ ਸੀ।
ਦੇਖੋ ਜੇ ‘ਡਾਇਨਿੰਗ ਰੂਮ’ ਤਾਂ ਭੁੱਖ ਚਮਕ ਝਟ ਦੂਣੀ ਪਵੇ,
ਛੁਰੀਆਂ ਤੇ ਕਾਂਟੇ ਬਿਨਾ ਇਕ ਭੀ ਚੀਜ਼ ਨਾ ਛੂਹਣੀ ਪਵੇ।
ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਠਿਆਈਆਂ,
ਅਧਨੰਗੀਆਂ ਫੋਟੋਜ਼, ‘ਮੈਂਟਲਪੀਸ’ ਤੇ ਟਿਕਵਾਈਆਂ।
ਵਿਚ ਲਾਈਬ੍ਰੇਰੀ ਬੁਕਸ ‘ਲੇਟੈਸਟ’ ਦਿਸਦੀਆਂ ਸਨ ਸਾਰੀਆਂ,
ਨਾਵਲ ਡਰਾਮੇ ਨਾਲ ਸਨ ਲੱਦੀਆਂ ਹੋਈਆਂ ਅਲਮਾਰੀਆਂ।
ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ,
‘ਆਥਰ’ ਤੇ ‘ਪੋਸਟ’ ਇੰਗਲਿਸ਼ ਹਰ ਇਕ ਸੀ ਧਰਿਆ ਪਿਆ।
ਮੁੱਦਾ ਕੀ ਉਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ,
ਚਿੜੀਆਂ ਦਾ ਦੁੱਧ ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ,
ਜੇ ਨਹੀਂ ਸੀ ਤਾ ਸਿਰਫ਼, ‘ਨਿੱਤਨੇਮ ਦਾ ਗੁਟਕਾ’ ਨ ਸੀ।

Loading spinner