ਹਸਰਤਾਂ
ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ,
ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪੜਦਾ ਹਟਾ ਦੇਵਾਂ।
ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ,
ਉਨ੍ਹਾਂ ਦੀ ਮੂੰਹ ਖੋਲ੍ਹ ਦੇਵਾਂ ਉਮੰਗਾਂ ਸਭ ਸੁਣਾ ਦੇਵਾਂ।
ਏ ਜੀ ਕਰਦਾ ਹੈ, ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ।
ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ।
ਵਲੇਵੇਂ ਬੇਥਵ੍ਹੇ ਜੋ ਪਾ ਰੱਖੇ ਤੇਰੀ ਮੁਹੱਬਤ ਨੇ,
ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ।
ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ,
ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁੜ੍ਹਾ ਦੇਵਾਂ।
ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ,
ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪੜ ਕੇ ਸੁਆ ਦੇਵਾਂ।
ਜੋ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ,
ਤੇਰੇ ਭੋਲੇ ਜਿਹੇ ਮੁਖੜੇ ਦੇ ਹਾਸੇ ਤੋਂ ਘੁਮਾ ਦੇਵਾਂ।
ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੰਨਾ ਹੈ,
ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ।
(ਕੇਸਰ ਕਿਆਰੀ ਵਿਚੋਂ)