ਸੋਹਣਾ ਦੇਸ਼ ਪੰਜਾਬ
ਬਾਬੂ ਫ਼ਿਰੋਜਦੀਨ ਸ਼ਰਫ
ਸੋਹਣਿਆਂ ਦੇਸਾਂ ਅੰਦਰ,
ਸੇਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!
ਜੀਕਰ ਫੁੱਲਾਂ ਅੰਦਰ,
ਜੀਕਰ ਫੁੱਲਾਂ ਅੰਦਰ,
ਫੁੱਲ ਗੁਲਾਬ ਨੀ ਸਈਓ! ਫੁੱਲ ਗੁਲਾਬ ਨੀ ਸਈਓ!
ਰਲਮਿਲ ਬਾਗ਼ੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ!
ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ!
ਪਹਿਨਣ ਹੀਰੇ ਮੋਤੀ, ਮੁਖ ਮਹਿਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਸੇਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!
ਜੁੜ ਮੁਟਿਆਰਾਂ ਤ੍ਰਿੰਞਣ ਦੇ ਵਿਚ, ਚਰਖੇ ਬੈਠ ਘੁਕਾਵਣ!
ਨਾਜ਼ੁਕ ਬਾਂਹ ਉਲਾਰ ਪਿਆਰੀ, ਤੰਦ ਤਰਕਲੇ ਪਾਵਣ!
ਸੀਨੇ ਅੱਗਾਂ ਲਾਵਣ, ਸੀਨੇ ਅੱਗਾਂ ਲਾਵਣ!
ਹੋਠ ਉਨਾਬ ਨੀ ਸਈਓ!
ਹੋਠ ਉਨਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਸੇਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!
ਹੀਰ ਸ਼ਹਿਜ਼ਾਦੀ ਬੇੜੇ ਬੈਠੀ, ਸਈਆਂ ਖੇਡਣ ਪਈਆਂ!
ਚੰਦ ਦੁਆਲੇ ਤਾਰੇ ਚਮਕਣ, ਹੀਰ ਦੁਆਲੇ ਸਈਆਂ!
ਝੱਲੀ ਜਾਏ ਨਾਹੀਂ, ਝੱਲੀ ਜਾਏ ਨਾਹੀਂ!
ਉਹਦੀ ਤਾਬ ਨੀ ਸਈਓ!
ਉਹਦੀ ਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਸੇਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!
ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਫਲਦੇ!
‘ਸ਼ਰਫ’ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪਏ ਚਲਦੇ!
ਸਤਲੁਜ, ਰਾਵੀ, ਜਿਹਲਮ,
ਸਤਲੁਜ, ਰਾਵੀ, ਜਿਹਲਮ,
ਅਟਕ, ਚਨਾਬ ਨੀ ਸਈਓ, ਅਟਕ, ਚਨਾਬ ਨੀ ਸਈਓ!
(ਰਚਨਾਵਲੀ ਵਿਚੋਂ)