ਬਾਰਾਂ ਮਾਹ
ਬਾਬੂ ਫ਼ਿਰੋਜਦੀਨ ਸ਼ਰਫ
ਚੇਤਰ ਚੈਨ ਨਾ ਆਵੇ ਦਿਲ ਨੂੰ, ਤੇਰੇ ਬਾਝੋਂ ਪਿਆਰੇ ਜੀ।
ਮੈਂ ਹਾਂ ਤੇਰੇ ਦਰ ਦੀ ਬਰਦੀ, ਮੱਲੇ ਤੇਰੇ ਦੁਆਰੇ ਜੀ।
ਤੇਰੇ ਬਾਝੋਂ ਡੁਬਦੀ ਬੇੜੀ, ਕਿਹੜਾ ਮੇਰੀ ਤਾਰੇ ਜੀ।
‘ਸ਼ਰਫ’ ਬੰਦੀ ਦੀ ਆਸ ਪੁਜਾਈਂ, ਦੇਵੀਂ ਝੱਬ ਦੀਦਾਰੇ ਜੀ।
ਚੜ੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ।
ਸੇਜ ਫੁੱਲਾਂ ਦੀ ਸੀਨੇ ਅੰਦਰ, ਸੌ ਸੌ ਸੂਲਾਂ ਲਾਂਦੀ ਏ।
ਸੂਲ ਸੂਲ ਵਿਚ ਸੌ ਸੌ ਸੂਲੀ, ਜਿਗਰੋਂ ਰੱਤ ਚਲਾਂਦੀ ਏ।
ਦਿਨ ਰੋਵੇ ਇਹ ‘ਸ਼ਰਫ’ ਵਿਚਾਰੀ ਰਾਤੀ ਹਾਲ ਵੰਜਾਂਦੀ ਏ।
ਜੇਠ ਜਿਗਰ ਦੀ ਰੱਤ ਵਗਾ ਕੇ, ਲਿਖ ਲਿਖ ਨਾਮੇਂ ਘੱਲੇ ਜੀ।
ਕੀਕਰ ਪਹੁੰਚਾ ਕਦਮਾਂ ਅੰਦਰ, ਜ਼ਰ ਨਾ ਮੇਰੇ ਪੱਲੇ ਜੀ।
ਖੰਭ ਮਿਲਣ ਜੇ ਕਿਧਰੋਂ ਮੈਨੂੰ, ਆਵਾਂ ਕਰ ਕੇ ਹੱਲੇ ਜੀ।
ਤੇਰੇ ਬਾਝੋਂ ‘ਸ਼ਰਫ’ ਬੰਦੀ ਨੂੰ, ਕੋਈ ਪਾਸਾ ਨਾ ਝੱਲੇ ਜੀ।
ਹਾੜ ਮਹੀਨੇ ਹੌਕੇ ਭਰ ਭਰ, ਤਰਲੇ ਕਰਦੀ ਰਹਿੰਦੀ ਹਾਂ।
ਆਵੀਂ ਮਾਹੀ, ਆਵੀਂ ਮਾਹੀ, ਪੜ੍ਹਦੀ ਉਠਦੀ ਬਹਿੰਦੀ ਹਾਂ।
ਦੁੱਖ ਵਿਛੋੜਾ ਤੇਰਾ ਦਿਲਬਰ, ਮਰ ਮਰ ਦੇ ਪਈ ਸਹਿੰਦੀ ਹਾਂ।
ਵਕਤ ਸੁਬਹ ਦੇ ਹਾਲ ਹਵਾ ਨੂੰ, ‘ਸ਼ਰਫ’ ਬੰਦੀ ਮੈਂ ਕਹਿੰਦੀ ਹਾਂ।
ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸਿੰਗਾਰ ਲਗਾਏ ਨੇ।
ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ।
ਮਿੱਠੇ ਮਿੱਠੇ ਗੀਤ ਮਾਹੀ ਦੇ, ਸਭਣਾਂ ਰਲ ਮਿਲ ਗਾਏ ਨੇ।
‘ਸ਼ਰਫ’ ਵਿਚਾਰੀ ਦੁਖਿਆਰੀ ਨੇ, ਰੋ ਰੋ ਨੀਰ ਚਲਾਏ ਨੇ।
ਭਾਦੋਂ ਭਾਹ ਹਿਜਰ ਦੀ ਭੜਕੇ, ਸੱਜਣਾ ਮੇਰੇ ਸੀਨੇ ਹੁਣ।
ਝੋਲੀਆਂ ਅੱਡੀਆਂ ਰਗੜਾਂ ਅਡੀਆਂ, ਬਖਸ਼ੋ ਦੀਦ-ਖਜਾਨੇ ਹੁਣ।
ਦਿਲ ਮੇਰੇ ਦੀ ਮੁੰਦਰੀ ਅੰਦਰ, ਜੜਦੇ ਨੂਰ-ਨਗੀਨੇ ਹੁਣ।
ਗੁਜ਼ਰ ਗਏ ਨੇ ‘ਸ਼ਰਫ’ ਬੰਦੀ ਦੇ, ਰੋ ਰੋ ਛੇ ਮਹੀਨੇ ਹੁਣ।
ਅੱਸੂ ਆਸ ਨਾ ਹੋਈ ਪੂਰੀ, ਪਾਏ ਲੱਖ ਵਸੀਲੇ ਮੈਂ।
ਜਿੰਦੜੀ ਮੁੱਕੀ ਤਾਂਘ ਨਾ ਚੁੱਕੀ, ਹੋ ਗਈ ਸੁੱਕ ਕੇ ਤੀਲੇ ਮੈਂ।
ਚੋ ਚੋ ਖੂਨ ਜਿਗਰ ਦਾ ਸਾਰਾ, ਕੀਤੇ ਨੈਣ ਰੰਗੀਲੇ ਮੈਂ।
‘ਸ਼ਰਫ’ ਸੱਜਣ ਹੁਣ ਮੁਖੜਾ ਤੇਰਾ, ਵੇਖਾਂ ਕਿਹੜੇ ਹੀਲੇ ਮੈਂ?
ਕੱਤਕ ਕਟਕ ਦੁੱਖਾਂ ਦੇ ਆਏ, ਹੋ ਗਏ ਦਿਲ ਦੇ ਬੇਰੇ ਨੇ।
ਦੁਨੀਆਂ ਸਾਰੀ ਮੌਜ ਉਡਾਵੇ, ਭਾਗ ਨਕਰਮੇ ਮੇਰੇ ਨੇ।
ਕਲਮਲ ਆਈ ਜਾਨ ਵਿਚਾਰੀ, ਪਾ ਲਏ ਦੁਖਾਂ ਦੇ ਘੇਰੇ ਨੇ।
‘ਸ਼ਰਫ’ ਬੰਦੀ ਹੈ ਕੋਝੀ ਸਾਈਆਂ, ਤੇਰੇ ਸ਼ਾਨ ਉਚੇਰੇ ਨੇ।
ਮੱਘਰ ਮੌਜਾਂ ਮਾਰ ਮੁਕਾਇਆ, ਰਾਖਾ ਰੱਬ ਸਫੀਨੇ ਦਾ।
ਕੀਕਰ ਪਾਵਾਂ ਪਾਕ ਹਜ਼ੂਰੀ, ਵੱਲ ਨਾ ਕਿਸੇ ਕਰੀਨੇ ਦਾ।
ਦੋਜ਼ਖ਼ ਵਾਂਗ ਨਾ ਠੰਡੀ ਹੋਵੇ, ਭਾਂਬੜ ਮੇਰੇ ਸੀਨੇ ਦਾ
‘ਸ਼ਰਫ’ ਘੜੀ ਇਕ ਚੈਨ ਨਾ ਦੇਂਦਾ, ਬ੍ਰਿਹੋਂ ਓਸ ਨਗੀਨੇ ਦਾ।
ਪੋਹ ਨਾ ਪੋਹਂਦਾ ਦਾਰੂ ਕੋਈ, ਲਾਏ ਟਿੱਲ ਤਬੀਬਾਂ ਨੇ।
ਕਰਨ ਦੁਆਵਾਂ ਦੇਣ ਦਵਾਵਾਂ, ਲਾਏ ਜ਼ੋਰ ਹਬੀਬਾਂ ਨੇ।
ਹਾਲ ਮੇਰੇ ਤੇ ਹੁੰਝੂ ਕੇਰੇ, ਰੋ ਰੋ ਕੁੱਲ ਰਕੀਬਾਂ ਨੇ।
ਮਰਜ਼ ਇਸ਼ਕ ਦੀ ਐਸੀ ਲਾਈ, ਮੈਨੂੰ ‘ਸ਼ਰਫ’ ਨਸੀਬਾਂ ਨੇ।
ਮਾਘ ਮਿਲੇ ਜੇ ਮਾਹੀ ਮੇਰਾ, ਤਨ ਮਨ ਆਪਣਾ ਵਾਰਾਂ ਮੈਂ।
ਫੁੱਲ ਤੌਹੀਦੀ ਸ਼ਕਲ ਵਿਖਾਈ, ਬੁਲਬੁਲ ਵਾਂਗ ਪੁਕਾਰਾਂ ਮੈਂ।
ਰਾਤ ਵਸਲ ਦੀ ਚੁਣ ਕੇ ਸਈਓ, ਸੋਹਣੀ ਸੇਜ ਸਵਾਰਾਂ ਮੈਂ।
‘ਸ਼ਰਫ’ ਮਿਲੇ ਜੇ ਜਾਮ ਵਸਲ ਦਾ, ਲੱਖਾਂ ਸ਼ੁਕਰ ਗੁਜ਼ਾਰਾਂ ਮੈਂ।
ਫੱਗਣ ਫੁੱਲੇ ਗੁਲਸ਼ਨ ਮੇਰੇ, ਮਿਲੀਆਂ ਆਣ ਨਵੀਦਾਂ ਨੇ।
ਵਾਂਗੂੰ ਕਲੀਆਂ ਟਾਹ ਟਾਹ ਕਰਕੇ, ਖਿੜੀਆਂ ਕੁਲ ਉਮੀਦਾਂ ਨੇ।
ਬਾਂਕੇ ਮਾਹੀ, ਢੋਲ ਸਿਪਾਹੀ, ਆਣ ਕਰਾਈਆਂ ਦੀਦਾਂ ਨੇ।
ਰਾਤ ਬਰਾਤ ‘ਸ਼ਰਫ’ ਹੈ ਮੇਰੀ, ਦਿਨ ਦੇ ਵੇਲੇ ਈਦਾਂ ਨੇ।
(ਰਚਨਾਵਲੀ ਵਿਚੋਂ)