ਚੱਪਾ ਚੰਨ
ਅੰਮ੍ਰਿਤਾ ਪ੍ਰੀਤਮ
ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ।
ਸਾਡੀਆਂ ਭੁੱਖਾਂ ਇੰਨੀਆਂ ਵੱਡੀਆਂ ਪਰ ਓ ਦਾਤਾ। ਤੇਰੇ ਦਾਨ,
ਮੁੱਠ ਕੁ ਤਾਰੇ ਤ੍ਰੌਂਕ ਕੇ
ਤੇ ਚੱਪਾ ਕੁ ਚੰਨ ਸੁੱਟ ਕੇ ਸਬਰ ਸਾਡਾ ਅਜ਼ਮਾਣ।
ਸੁੱਟ ਦੇਣ ਕੁਛ ਰਿਸ਼ਮਾਂ ਡੇਗ ਦੇਣ ਕੁਝ ਲੋਆਂ
ਪਰ ਵਿਲਕਣ ਪਏ ਧਰਤੀ ਦੇ ਅੰਗ ਇਹ ਅੰਗ ਨਾ ਉਨ੍ਹਾਂ ਦੇ ਲਾਣ।
ਉਹ ਵੀ ਵੇਲੇ ਆਣ
ਇਕ ਦੋ ਰਾਤਾਂ, ਹੱਥ ਤੇਰੇ ਰਤਾ ਵੱਧ ਸਖੀ ਹੋ ਜਾਣ,
ਕੁਝ ਖੁੱਲ੍ਹੇ ਹੱਥੀਂ ਦੇਣ ਏਸ ਨੂਰ ਦਾ ਦਾਨ
ਫਿਰ ਸੰਙ ਜਾਣ
ਚੱਪਾ ਚੰਨ ਵੀ ਖੋਹਣ, ਦਾਨ ਦੇ ਕੇ ਘਬਰਾਣ
ਕਦੇ ਪਰਬਤ ਉਹਲੇ ਕਰਨ ਕਦੇ ਬੱਦਲਾਂ ਹੇਠ ਛੁਪਾਣ
ਫਿਰ ਸੁੰਞੀਆਂ ਰਾਤਾਂ, ਸੱਖਣੇ ਪੱਲੇ ਖਾਲੀ ਸਭ ਅਸਮਾਨ।
ਪਰ ਭੁੱਖ ਵਿਲਕਦੇ ਬੁੱਲ੍ਹ ਸਾਡੇ ਫਿਰ ਵੀ ਆਖੀ ਜਾਣ,
ਤੇਰੇ ਸੰਗਦੇ ਸੰਗਦੇ ਦਾਨ ਸਾਡਾ ਸਭੋ ਕੁਝ ਸਰਚਾਣ
ਸਾਡੀ ਤ੍ਰਿਸ਼ਨਾ ਨੂੰ ਤ੍ਰਿਪਤਾਣ, ਭਾਲ ਸਾਡੀ ਸਸਤਾਣ
ਤੇਰੇ ਹੱਥ ਦੇ ਇਕ ਦੋ ਭੋਰੇ ਵੀ – ਭੁੱਖ ਸਾਡੀ ਵਰਚਾਣ,
ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ।
(ਛੇ ਰੁੱਤਾਂ ਵਿੱਚੋਂ)