… ਕੁਮਾਰੀ
ਅੰਮ੍ਰਿਤਾ ਪ੍ਰੀਤਮ
ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ
ਮੈਂ ਇਕ ਨਹੀਂ ਸਾਂ – ਦੋ ਸਾਂ
ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ
ਸੋ ਤੇਰੇ ਭੋਗ ਦੀ ਖ਼ਾਤਿਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ…
ਮੈਂ ਕਤਲ ਕੀਤਾ ਸੀ
ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ ਉਹਨਾਂ ਦੀ ਜ਼ਿਲੱਤ ਨਾਜਾਇਜ਼ ਹੁੰਦੀ ਹੈ
ਤੇ ਮੈਂ ਉਸ ਜ਼ਿੱਲਤ ਦਾ ਜ਼ਹਿਰ ਪੀਤਾ ਸੀ…
ਤੇ ਫਿਰ ਪਰਭਾਤ ਵੇਲੇ
ਇਕ ਲਹੂ ਵਿਚ ਭਿੱਜੇ ਮੈਂ ਆਪਣੇ ਹੱਥ ਵੇਖੇ ਸਨ
ਹੱਥ ਧੋਤੇ ਸਨ –
ਬਿਲਕੁਲ ਉਸ ਤਰ੍ਹਾਂ, ਜਿਉਂ ਹੋਰ ਮੁਸ਼ਕੀ ਅੰਗ ਧੋਣੇ ਸੀ
ਪਰ ਜਿਉਂ ਹੀ ਮੈਂ ਸ਼ੀਸ਼ੇ ਦੇ ਸਾਹਮਣੇ ਹੋਈ
ਉਹ ਸਾਹਮਣੇ ਖਲੋਤੀ ਸੀ
ਉਹੀ, ਜੋ ਆਪਣੀ ਜਾਚੇ, ਮੈਂ ਰਾਤੀ ਕਤਲ ਕੀਤੀ ਸੀ…
ਓ ਖ਼ਦਾਇਆ !
ਕੀ ਸੇਜ ਦਾ ਹਨੇਰਾ ਬਹੁਤ ਗਾੜ੍ਹਾ ਸੀ ?
ਮੈਂ ਕਿਹਨੂੰ ਕਤਲ ਕਰਨਾ, ਤੇ ਕਿਹਨੂੰ ਕਤਲ ਕਰ ਬੈਠੀ
(ਚੋਣਵੇਂ ਪੱਤਰੇ ਵਿੱਚੋਂ)