ਬੀਤ ਗਈ ਤੇ ਰੋਣਾ ਕੀ
ਨੰਦ ਲਾਲ ਨੂਰਪੁਰੀ
ਜਾਦੂਗਰ ਨੇ ਖੇਲ੍ਹ ਰਚਾਇਆ
ਮਿੱਟੀ ਦਾ ਇਕ ਬੁੱਤ ਬਣਾਇਆ
ਫੁੱਲਾਂ ਵਾਂਗ ਹਸਾ ਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ
ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ
ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ।
ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜੇਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਹਨੇਰਾ
ਦੀਵੇ ਵਾਲੇ ਜਾਗ ਉਹ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਜਾਗ ਨਾ ਆਈ
ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ।
ਹੱਸਦਾ ਫੁੱਲ ਗਵਾਇਆ ਏ ਤੂੰ
ਦੀਵਾ ਤੋੜ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਝਾਵੇਂ
ਏਸੇ ਵਿਚ ਚਿਤ ਲਾਇਆ ਏ ਤੂੰ
ਘੜੀਆਂ ਆਪ ਬਣਾਵੇਂ ਢਾਵੇਂ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤਾਂ ਤੇਰਾ ਉਹ ਕੀ ਲੈ ਜਾਵੇ
ਉਸ ਤੋਂ ਫੇਰ ਲੁਕੌਣਾ ਕੀ
ਬੀਤ ਗਈ ਤੇ ਰੋਣਾ ਕੀ।
(ਨੂਰਪੁਰੀ ਕਾਵਿ ਸ੍ਰੰਗਹਿ ਵਿਚੋਂ)