ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਦੀਵੇ ਨਾਲ ਸੰਵਾਦ
ਜਨਮੇਜਾ ਸਿੰਘ ਜੌਹਲ

ਪਹਿਲੇ ਦੀਵੇ ਨੂੰ ਪੁੱਛਿਆ
ਤੂੰ ਜਗ ਕਿਉਂ ਰਿਹਾ ਏਂ?
ਮੇਰੇ ਕੋਲ
ਬੱਤੀ ਹੈ
ਤੇਲ ਹੈ
ਅੱਗ ਹੈ
ਹੋਰ ਮੈਂ ! ਕੀ ਕਰਾਂ?
ਦੂਜੇ ਦੀਵੇ ਨੂੰ ਪੁੱਛਿਆ
ਤੂੰ ਖੁਸ਼ ਕਿਉਂ ਹੈਂ?
ਮੈਂ ਸਾਰੇ ਜਗ ਨੂੰ
ਰੋਸ਼ਨ ਕਰ ਰਿਹਾਂ
ਮੇਰੇ ਕਰਕੇ ਸਾਰੇ
ਤੁਰੇ ਫਿਰਦੇ ਹਨ।
ਹਨੇਰੇ ਨੂੰ ਮੈਂ
ਸੂਆ ਦਿੱਤਾ ਹੈ
ਹੋਰ ਮੈਂ! ਖੁਸ਼ ਨਾ ਹੋਵਾਂ?
ਤੀਜੇ ਦੀਵੇ ਨੂੰ ਮੈਂ ਪੁੱਛਿਆ
ਤੂੰ ਪ੍ਰੇਸ਼ਾਨ ਕਿਉਂ ਹੈਂ?
ਮੈਂ ਆਪਣੀ ਹੀ ਅੱਗ ਵਿਚ ਜਲ ਰਿਹਾਂ
ਮੈਂ ਆਪਣੀ ਹੀ ਬੱਤੀ ਸੁਕਾ ਰਿਹਾਂ
ਮੈਂ ਆਪਣਾ ਹੀ ਤੇਲ ਫੂਕ ਰਿਹਾਂ
ਮੇਰਾ ਅੰਤ ਨੇੜੇ ਹੈ
ਹੋਰ ਮੈਂ! ਪ੍ਰੇਸ਼ਾਨ ਨਾ ਹੋਵਾਂ?
ਚੌਥੇ ਦੀਵੇ ਨੂੰ ਮੈਂ ਪੁੱਛਿਆ
ਤੂੰ ਸਿਮਟ ਕਿਉਂ ਰਿਹਾਂ?
ਬਥੇਰੀ ਰੋਸ਼ਨੀ ਵੇਚ ਵੇਖੀ
ਬਥੇਰੀ ਬੱਤੀ ਸੁੱਕਾ ਵੇਖੀ
ਕਿਸੇ ਨਾ ਮੇਰੇ ਤੇਲ ਪਾਇਆ
ਹੋਰ ਮੈਂ! ਸਿਮਟਾਂ ਨਾ?
ਪੰਜਵੇਂ ਦੀਵੇ ਨੂੰ ਮੈਂ ਪੁੱਛਿਆ
ਕਿਉਂ ਆਪਣੀ ਲਾਟ ਵਧਾਈ ਜਾਨਾਂ?
ਮੈਨੂੰ ਉਤੇ ਆਕਾਸ਼ ਦਿਖਦਾ
ਉਸਦੇ ਪਿੱਛੇ ਰੋਸ਼ਨੀ ਵੀ।
ਮੈਂ ਉਹ ਰੋਸ਼ਨੀ ਢਾਹੁਣੀ ਹੈ
ਤੇ ਆਪਣੀ ਅਲਖ਼ ਜਗਾਉਣੀ ਹੈ
ਹੋਰ ਮੈਂ! ਲਾਟ ਨਾ ਵਧਾਵਾਂ?
ਛੇਵੇਂ ਦੀਵੇ ਨੂੰ ਮੈਂ ਪੁੱਛਿਆ,
ਤੇਰੀ ਰੋਸ਼ਨੀ ਇਕ ਸਾਰ ਕਿਉਂ ਨਹੀਂ?
ਹਰ ਰੋਜ਼ ਮੈਨੂੰ ਨਵੀਂ ਬੱਤੀ ਮਿਲਦੀ ਏ
ਕਦੇ ਕੱਚੇ ਰੂੰ ਦੀ ਤੇ ਕਦੇ ਲੋਗੜ ਦੀ
ਕੀ ਕਰਾਂ ਤੇਲ ਇਕੋ ਜਿਹਾ ਨਹੀਂ ਚੜਦਾ
ਹੋਰ ਮੈਂ! ਇਕ ਸਾਰ ਕਿਵੇਂ ਬਲਾਂ?
ਸਤਵੇਂ ਦੀਵੇ ਨੂੰ ਮੈਂ ਪੁੱਛਿਆ,
ਤੇਰੀ ਔਕਾਤ ਕੀ ਹੈ?
ਮੈਂ ਵੱਡੇ ਸਾਹਬ ਦਾ ਦੀਵਾ ਹਾਂ।
ਮੇਰੇ ‘ਚ ਤੇਲ ਪਾਉਣ ਲਈ ਨੌਕਰ ਹਨ
ਮੇਰੀ ਬੱਤੀ ਰੋਜ਼ ਬਦਲੀ ਜਾਂਦੀ ਹੈ
ਹੋਰ ਮੈਂ! ਇਹ ਔਕਾਤ ਘੱਟ ਹੈ?
ਅੱਠਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਉਦਾਸ ਕਿਉਂ ਹੈਂ?
ਕਲ੍ਹ ਸ਼ਾਮ ਦਾ ਮੈਂ
ਪਾਣੀ ਤੇ ਤਰ ਰਿਹਾਂ
ਤੇਜ਼ ਹਵਾ ਨਾਲ ਖੜ ਰਿਹਾਂ
ਕਿਸੇ ਦੇ ਦੁਖੜੇ ਕੱਟ ਰਿਹਾਂ
ਆਪਣਿਆਂ ਨਾਲ ਲੜ ਰਿਹਾਂ
ਹੋਰ ਮੈਂ! ਉਦਾਸ ਨਾ ਹੋਵਾਂ?
ਨੌਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਅੱਖ ਵੀ ਨਹੀਂ ਝਪਕਦਾ?
ਗ੍ਰੈਹਾਂ ਦਾ ਮੈਨੂੰ ਸਰਾਪ ਹੈ
ਮੈਨੂੰ ਪਲੋਸਦੇ ਹੱਥਾਂ ਨੂੰ ਸਾੜਾਂ
ਮੇਰੇ ਲਈ ਪਾਪ ਹੈ
ਹੋਰ ਮੈਂ! ਫਰਜ਼ ਨਾ ਨਿਭਾਵਾਂ?
ਦੱਸਵੇਂ ਦੀਵੇ ਨੂੰ ਮੈਂ ਪੁੱਛਿਆ
ਤੇਰਾ ਕੀ ਸੰਤਾਪ ਹੈ?
ਜੋ ਮੈਨੂੰ ਏਥੇ ਧਰ ਗਿਆਂ,
ਉਹੀ ਮੇਰਾ ਬਾਪ ਹੈ
ਜਗਦੇ ਜਗਦੇ ਏਥੇ ਹੀ
ਬੁਝ ਜਾਣ ਇਹੋ ਮੇਰਾ
ਆਪਣਾ ਆਪ ਹੈ
ਹੋਰ ਮੈਂ! ਸੰਤਾਪਿਆ ਕਦੇ ਕੋਈ ਆਪ ਹੈ?
ਗਿਆਰਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਮੰਗਤਾਂ ਕਿਉਂ ਬਣਿਆ ਏਂ?
ਮੈਨੂੰ ਮੇਰੇ ਤੇਲ ਦਾ ਸਮਾਂ ਪਤਾ
ਮੈਨੂੰ ਮੇਰੀ ਬੱਤੀ ਦਾ ਸਮਾਂ ਪਤਾ
ਜੇ ਮੈਂ ਹੋਰ ਨਾ ਮੰਗਾਂ ਤਾਂ ਸਮਾਂ ਪਤਾ
ਹੋਰ ਮੈਂ! ਮੰਗਣਾਂ ਕੋਈ ਸ਼ਰਾਪ ਹੈ?

Loading spinner