ਮੈਂ ਇੱਕ ਪੰਜਾਬੀ ਗੀਤਕਾਰ ਹਾਂ ।
ਜਰਨੈਲ ਘੁਮਾਣ
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਮੇਰੀ ਕਲਮ ਹਰਿਆਈ ਗਾਂ ਵਾਂਗਰਾਂ, ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ ਵਿੱਚ, ਭਰਦੀ ਰਹਿੰਦੀ ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ, ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਮੈਂ ਫੋਕੀ ਸ਼ੋਹਰਤ ਪਾਉਣ ਲਈ, ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ, ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ, ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ, ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ, ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ, ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ, ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਕਰਜ਼ੇ ਹੇਠਾਂ ਦੱਬੇ ਕਿਸਾਨ, ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ‘ਤੇ ਚਾੜ੍ਹ, ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ, ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ, ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ, ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ, ਸਹੁਰੇ ਘਰ ਵੜਿਆ ।
ਸੁਹਾਗ – ਸੁਹਾਗਣ ਵਾਲਾ ਰਿਸ਼ਤਾ, ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ, ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਲੋਕਾਂ ਦੇ ਦੁੱਖ਼ ਦਰਦ, ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ, ਲੱਖ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ, ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਕਲਮ ਗਰਕ ਗਈ ਮੇਰੀ, ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ, ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ, ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਮੁਆਫ਼ ਕਰੀਂ ਵੇ ਲੋਕਾ, ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’, ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ, ਸੋਚੋਂ ਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577 +91-98885-05577 ghuman5577@yahoo.com